ਨਿੱਜੀ ਪੱਤਰ ਪ੍ਰੇਰਕ
ਖੰਨਾ, 1 ਜੁਲਾਈ
ਸ਼ਿਵ ਸੈਨਾ ਪੰਜਾਬ ਤੇ ਸਨਾਤਨ ਧਰਮ ਸੁਰੱਖਿਆ ਸਮਿਤੀ ਵੱਲੋਂ ਰਾਜਸਥਾਨ ਸਰਕਾਰ ਤੇ ਖਾਲਿਸਤਾਨ ਖ਼ਿਲਾਫ਼ ਰੋਸ ਰੈਲੀ ਕੱਢਦਿਆਂ ਪੁਤਲੇ ਫੂਕੇ ਗਏ। ਇਸ ਮੌਕੇ ਅਵਤਾਰ ਮੌਰਿਆ ਨੇ ਕਿਹਾ ਕਿ ਰਾਜਸਥਾਨ ਉਦੈਪੁਰ ਵਿਚ ਘਨ੍ਹੱਈਆ ਲਾਲ ਦਾ ਕਤਲ ਕੀਤਾ ਗਿਆ ਹੈ, ਜੋ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਕਾਤਲਾਂ ਨੇ ਇਸ ਦੀ ਵੀਡੀਓ ਪਹਿਲਾਂ ਹੀ ਜਾਰੀ ਕਰ ਦਿੱਤੀ ਸੀ। ਘਨ੍ਹੱਈਆ ਲਾਲ ਨੇ ਖ਼ੁਦ ਉੱਥੋਂ ਦੇ ਐਸਐਸਪੀ ਨੂੰ ਮੰਗ ਪੱਤਰ ਵੀ ਦਿੱਤਾ ਸੀ ਪਰ ਪ੍ਰਸਾਸ਼ਨ ਨੇ ਇਸ ਸਬੰਧੀ ਕਾਰਵਾਈ ਕਰਨ ਦੀ ਥਾਂ ਅੱਖਾਂ ਬੰਦ ਕਰ ਕੇ ਉਸ ਨਾਲ ਇਸ ਵਾਰਦਾਤ ਨੂੰ ਹੋਣ ਤੋਂ ਰੋਕਣ ਲਈ ਯਤਨ ਨਹੀਂ ਕੀਤੇ। ਦੂਜੇ ਪਾਸੇ, ਪਿਛਲੇ ਦਿਨੀਂ ਖੰਨਾ ਵਿੱਚ ਖ਼ਾਲਿਸਤਾਨ ਦੇ ਸਮਰਥਨ ਵਿਚ ਰੈਲੀ ਕੱਢੀ ਗਈ ਸੀ। ਇਸ ਸਬੰਧੀ ਹਿੰਦੂ ਜਥੇਬੰਦੀਆਂ ਵੱਲੋਂ ਖੰਨਾ ਦੇ ਐਸਐਸਪੀ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਅਜਿਹੇ ਸ਼ਰਾਰਤੀ ਅਨਸਰਾਂ ਤੇ ਸ਼ਿਕੰਜਾ ਕੱਸਦਿਆਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇ, ਜਿਸ ਨਾਲ ਅਮਨ ਸ਼ਾਂਤੀ ਕਾਇਮ ਹੋ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਭਾਈਚਾਰਾ ਨਾ ਕਾਇਮ ਰੱਖਆ ਗਿਆ ਤਾਂ 10 ਜੁਲਾਈ ਤੋਂ ਬਾਅਦ ਸ਼ਿਵ ਸੈਨਾ ਵੀ ਹਿੰਦੂ ਸੰਗਠਨਾਂ ਨਾਲ ਮਿਲ ਕੇ ਧਰਨਾ ਦੇਵੇਗੀ।
ਇਸ ਮੌਕੇ ਪੰਡਤ ਦੇਵੇਸ਼ਵਰ, ਸੋਹਨ ਲਾਲ, ਲਲਿਤ ਕੁਮਾਰ, ਰਵਿੰਦਰ, ਮੰਗਲ ਸਿੰਗਲਾ, ਰਿਸ਼ੀ ਦੇਵ, ਸੰਜੇ ਸਾਗਰ, ਰਾਮਜੀਤ ਕੇਸਰੀ, ਸੁਰਿੰਦਰ ਮਾਨ, ਗਣੇਸ਼, ਅਜੈ ਮਿੱਤਲ, ਸੋਨੂੰ, ਸੁਨੀਲ ਆਦਿ ਹਾਜ਼ਰ ਸਨ।