ਲੁਧਿਆਣਾ: ਵੱਖ ਵੱਖ ਇਲਾਕਿਆਂ ਵਿੱਚ ਨਾਮਲੂਮ ਵਿਅਕਤੀ ਦੋ ਮੋਟਰਸਾਈਕਲ ਅਤੇ ਇੱਕ ਐਕਟਿਵਾ ਸਕੂਟਰ ਚੋਰੀ ਕਰਕੇ ਲੈ ਗਏ। ਥਾਣਾ ਕੋਤਵਾਲੀ ਦੀ ਪੁਲੀਸ ਨੂੰ ਸਰਵਣ ਕੁਮਾਰ ਵਾਸੀ ਮਾਡਲ ਟਾਊਨ ਨੇ ਦੱਸਿਆ ਹੈ ਕਿ ਉਸ ਦਾ ਮੋਟਰਸਾਈਕਲ ਘੰਟਾ ਘਰ ਚੌਕ ਪੁਲ ਦੇ ਹੇਠੋਂ ਚੋਰੀ ਹੋ ਗਿਆ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲੀਸ ਨੂੰ ਦਿਲਬਰ ਹੁਸੈਨ ਵਾਸੀ ਪ੍ਰੀਤ ਨਗਰ ਸ਼ਿਮਲਾਪੁਰੀ ਨੇ ਦੱਸਿਆ ਹੈ ਕਿ ਉਸ ਦਾ ਮੋਟਰਸਾਈਕਲ ਅੰਬੈਸੀ ਪੈਲੇਸ ਫਿਰੋਜ਼ਪੁਰ ਰੋਡ ਬਾਹਰੋਂ ਚੋਰੀ ਹੋ ਗਿਆ ਹੈ। ਐਡਵੋਕੇਟ ਸੁਰਿੰਦਰ ਸਾਹਨੀ ਵਾਸੀ ਮਾਲ ਇਨਕਲੇਵ ਮਾਲ ਰੋਡ ਦਾ ਐਕਟਿਵਾ ਸਕੂਟਰ ਉਸ ਦੇ ਘਰ ਬਾਹਰੋਂ ਚੋਰੀ ਹੋ ਗਿਆ। ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ