ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 6 ਫਰਵਰੀ
ਇੱਥੇ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿਚ ਬਸੰਤ ਦੇ ਦਿਨ ਹੋਣ ਕਾਰਨ ਦੁਕਾਨਾਂ ਵਾਲੇ ਪਤੰਗ ਚੜ੍ਹਾਉਣ ਲਈ ਪਾਬੰਦੀਸ਼ੁਦਾ ਚੀਨੀ ਡੋਰ ਵੇਚ ਰਹੇ ਹਨ। ਇਸ ਡੋਰ ਕਾਰਨ ਅੱਜ ਦੋ ਸਕੂਟਰ ਸਵਾਰ ਲੜਕੀਆਂ ਗੰਭੀਰ ਜ਼ਖਮੀ ਹੋ ਗਈਆਂ। ਹਸਪਤਾਲ ਵਿਚ ਜ਼ੇਰੇ ਇਲਾਜ ਲੜਕੀਆਂ ਨੇ ਦੱਸਿਆ ਕਿ ਉਹ ਸ਼ਹਿਰ ਤੋਂ ਵਾਪਸ ਪਿੰਡ ਮਲਕ ਨੂੰ ਜਾ ਰਹੀਆਂ ਸਨ। ਉਹ ਜਦੋਂ ਡਰੇਨ ਪੁਲ ’ਤੇ ਪਹੁੰਚੀਆਂ ਤਾਂ ਉਨ੍ਹਾਂ ਦੇ ਗਲੇ ਵਿਚ ਡੋਰ ਫਸ ਗਈ। ਡੋਰ ਇੰਨੀ ਖ਼ਤਰਨਾਕ ਸੀ ਕਿ ਗਲੇ ’ਤੇ ਡੂੰਘਾ ਟੱਕ (ਚੀਰ) ਆ ਗਿਆ। ਉਨ੍ਹਾਂ ਨੇ ਜਦੋਂ ਗਲ ਵਿਚੋਂ ਡੋਰ ਲਾਹੁਣ ਦੀ ਕੋਸਿਸ਼ ਕੀਤੀ ਤਾਂ ਡੋਰ ਕਾਰਨ ਹੱਥਾਂ ਵਿੱਚ ਕੱਟ ਲੱਗ ਗਏ।
ਇਸ ਦੌਰਾਨ ਮੌਕੇ ’ਤੇ ਹਾਜ਼ਰ ਅਮਨਦੀਪ ਸਿੰਘ ਅਤੇ ਅਮਿਤੇਸ਼ਵਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਦੋਵਾਂ ਲੜਕੀਆਂ ਨੂੰ ਸਥਾਨਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ। ਡਾਕਟਰਾਂ ਨੇ ਦੱਸਿਆ ਕਿ ਜਖ਼ਮ ਇੰਨੇ ਡੂੰਘੇ ਸਨ ਕਿ 17 ਟਾਂਕੇ ਲਗਾਉਣੇ ਪਏ। ਇਸ ਸਬੰਧ ਸਮਾਜ ਸੇਵੀ ਦੀਦਾਰ ਸਿੰਘ, ਕਰਮਜੀਤ ਸਿੰਘ ਅਤੇ ਸਤਪਾਲ ਨੇ ਇਸ ਨੂੰ ਪ੍ਰਸ਼ਾਸਨ ਦੀ ਅਣਗਹਿਲੀ ਕਰਾਰ ਦਿੰਦੇ ਹੋਏ ਆਖਿਆ ਕਿ ਦੁਕਾਨਦਾਰ ਸ਼ਰ੍ਹੇਆਮ ਮਾਰੂ ਡੋਰ ਵੇਚ ਰਹੇ ਹਨ। ਪ੍ਰਸ਼ਾਸਨਿਕ ਅਧਿਕਾਰੀ ਕਾਰਵਾਈ ਨਹੀਂ ਕਰ ਰਹੇ। ਲੜਕੀਆਂ ਦੇ ਵਾਰਸਾਂ ਨੇ ਆਖਿਆ ਕਿ ਜੇ ਸਕੂਟਰ ਤੇਜ਼ ਹੁੰਦਾ ਤਾਂ ਲੜਕੀਆਂ ਦੀ ਜਾਨ ਵੀ ਜਾ ਸਕਦੀ ਸੀ।