ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਅਕਤੂਬਰ
ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ ਸਿੱਧਵਾਂ ਬੇਟ ਪੁਲੀਸ ਨੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਦੋ ਨਸ਼ਾ ਤਸਕਰਾਂ ਨੂੰ 350 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ। ਦੋਹਾਂ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਚੌਕੀ ਗਿੱਦੜਵਿੰਡੀ ਦੇ ਇੰਚਾਰਜ ਏਐੱਸਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਬਲਵਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਗਸ਼ਤ ‘ਤੇ ਸੀ ਜਦੋਂ ਪਿੰਡ ਤਰਫ ਕੋਟਲੀ ਕੋਲ ਸਨ ਤਾਂ ਸੂਚਨਾ ਮਿਲੀ ਕਿ ਯੂ.ਪੀ. ਦੇ ਰਹਿਣ ਵਾਲੇ ਨੀਰਜ ਕੁਮਾਰ ਤੇ ਦੁਲਾਰ ਸਿੰਘ ਦੂਜੇ ਰਾਜਾਂ ਤੋਂ ਅਫੀਮ ਲੈ ਕੇ ਪੰਜਾਬ ‘ਚ ਸਪਲਾਈ ਕਰਦੇ ਹਨ। ਇਹ ਵੀ ਖ਼ਬਰ ਮਿਲੀ ਕਿ ਅੱਜ ਵੀ ਇਹ ਦੋਵੇਂ ਅਫੀਮ ਲੈ ਕੇ ਵੇਚਣ ਲਈ ਆ ਰਹੇ ਹਨ। ਪਿੰਡ ਪੱਤੀ ਮੁਲਤਾਨੀ ਤੋਂ ਤਰਫ ਕੋਟਲੀ ਨੂੰ ਜਾਂਦੀ ਸੜਕ ‘ਤੇ ਇਨ੍ਹਾਂ ਦੋਹਾਂ ਨੂੰ ਉਦੋਂ ਕਾਬੂ ਕਰ ਲਿਆ ਗਿਆ ਜਦੋਂ ਇਹ ਅਫੀਮ ਵੇਚਣ ਲਈ ਕਿਸੇ ਦੀ ਉਡੀਕ ਕਰ ਰਹੇ ਸਨ। ਤਲਾਸ਼ੀ ਲੈਣ ‘ਤੇ ਇਨ੍ਹਾਂ ਪਾਸੋਂ 350 ਗ੍ਰਾਮ ਅਫੀਮ ਬਰਾਮਦ ਹੋਈ। ਪੁਲੀਸ ਵੱਲੋਂ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਦੇ ਗਾਹਕਾਂ ਤੇ ਹੋਰ ਸਾਥੀਆਂ ਬਾਰੇ ਪਤਾ ਲੱਗ ਸਕੇ। ਇਸ ਪੁੱਛਗਿੱਛ ਲਈ ਹੀ ਦੋਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।