ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਨਵੰਬਰ
ਇੱਥੇ ਦੇ ਬਸਤੀ ਜੋਧੇਵਾਲ ਦੇ ਕੋਲ ਸੜਕ ਦੇ ਵਿਚਕਾਰ ਖੜ੍ਹੇ ਟਰੱਕ ਵਿੱਚ ਜਲੰਧਰ ਵੱਲੋਂ ਆ ਰਹੀ ਕਾਰ ਟਕਰਾ ਗਈ। ਇਸ ਕਾਰਨ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦੋਂਕਿ ਇੱਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਹਾਦਸਾ ਦੇਰ ਰਾਤ ਕਰੀਬ ਢਾਈ ਕੁ ਵਜੇ ਦੇ ਕਰੀਬ ਦਾ ਹੈ। ਰਾਹਗੀਰਾਂ ਨੇ ਪੁਲੀਸ ਨੂੰ ਸੂਚਨਾ ਦੇਣ ਦੀ ਥਾਂ 108 ਐਂਬੂਲੈਸ ਨੂੰ ਫੋਨ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਹੈਰਾਨੀ ਦੀ ਗੱਲ ਇਹ ਹੈ ਕਿ 24 ਘੰਟੇ ਸੜਕਾਂ ’ਤੇ ਗਸ਼ਤ ਕਰਨ ਦਾ ਦਾਅਵਾ ਕਰਨ ਵਾਲੀ ਲੁਧਿਆਣਾ ਪੁਲੀਸ ਨੂੰ ਸਾਰੀ ਰਾਤ ਹਾਦਸੇ ਦਾ ਪਤਾ ਨਹੀਂ ਲੱਗਿਆ। ਤੜਕੇ ਪੁਲੀਸ ਮੁਲਾਜ਼ਮ ਮੌਕੇ ’ਤੇ ਪੁੱਜੇ। ਉਦੋਂ ਤੱਕ ਹਸਪਤਾਲ ’ਚ ਜ਼ਖਮੀ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ।
ਥਾਣਾ ਟਿੱਬਾ ਦੇ ਅਧੀਨ ਆਉਂਦੀ ਚੌਕੀ ਸੁਭਾਸ਼ ਨਗਰ ਦੀ ਪੁਲੀਸ ਨੇ ਜਾਂਚ ਤੋਂ ਬਾਅਦ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਰਹਿਣ ਵਾਲੇ ਬੰਟੀ ਕੁਮਾਰ ਤੇ ਰਾਜਸਥਾਨ ਦੇ ਅਲਵਰ ਸਥਿਤ ਪਿੰਡ ਮੰਗਲਪੁਰਾ ਦੇ ਰਹਿਣ ਵਾਲੇ ਸਤਪਾਲ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਹਸਪਤਾਲ ’ਚ ਇਲਾਜ ਕਰਵਾ ਰਹੇ ਹਰਿਆਣਾ ਦੇ ਮਹਿੰਦਰਗੜ੍ਹ ਵਾਸੀ ਯੋਗੇਸ਼ ਕੁਮਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲੀਸ ਨੇ ਇਸ ਮਾਮਲੇ ’ਚ ਉਤਰ ਪ੍ਰਦੇਸ਼ ਦੇ ਭਾਗਪਤ ’ਚ ਰਹਿਣ ਵਾਲੇ ਡਰਾਈਵਰ ਰਾਹੁਲ ਪਾਲ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਚੌਕੀ ਸੁਭਾਸ਼ ਨਗਰ ਦੇ ਇੰਚਾਰਜ ਏਐਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਬੰਟੀ, ਸਤਪਾਲ ਤੇ ਯੋਗੇਸ਼ ਸੜਕ ਉਸਾਰੀ ਕਰਨ ਵਾਲੀ ਸਕਾਈਲਾਰਕ ਕੰਪਨੀ ’ਚ ਕੰਮ ਕਰਦੇ ਸਨ। ਕੰਪਨੀ ਕੋਲ ਜੰਮੂ ਕਸ਼ਮੀਰ ’ਚ ਸੜਕਾਂ ਬਣਾਉਣ ਦਾ ਠੇਕਾ ਹੈ। ਦੇਰ ਰਾਤ ਨੂੰ ਤਿੰਨੇ ਜਣੇ ਕਾਰ ’ਚ ਨੋਇਡਾ ਸਥਿਤ ਕੰਪਨੀ ਦੇ ਮੁੱਖ ਦਫ਼ਤਰ ਨੂੰ ਜਾ ਰਹੇ ਸਨ। ਉਹ ਜਦੋਂ ਬਸਤੀ ਜੋਧੇਵਾਲ ਕੋਲ ਪੁੱਜੇ ਤਾਂ ਉਨ੍ਹਾਂ ਦੀ ਕਾਰ ਸੜਕ ’ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਟੁੱਟ ਗਈ। ਕਾਰ ਸਵਾਰ ਤਿੰਨੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਲੋਕਾਂ ਨੇ ਪੁਲੀਸ ਨੂੰ ਸੂਚਨਾ ਦੇਣ ਦੀ ਥਾਂ ਐਂਬੂਲੈਸ ਨੂੰ ਸੱਦਿਆ ਤੇ ਤਿੰਨਾਂ ਨੂੰ ਹਸਪਤਾਲ ਲੈ ਗਏ। ਜਿੱਥੇ ਇਲਾਜ ਦੌਰਾਨ ਬੰਟੀ ਤੇ ਸਤਪਾਲ ਦੀ ਮੌਤ ਹੋ ਗਈ ਜਦੋਂਕਿ ਯੋਗੇਸ਼ ਦੀ ਹਾਲਤ ਹਾਲੇ ਵੀ ਗੰਭੀਰ ਹੈ।
ਖ਼ਰਾਬ ਹੋਣ ਕਾਰਨ ਸੜਕ ’ਤੇ ਖੜ੍ਹਾ ਸੀ ਟਰੱਕ: ਪੁਲੀਸ
ਏਐਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਟਰੱਕ ਵੀ ਉਤਰ ਪ੍ਰਦੇਸ਼ ਦੇ ਵੱਲ ਜਾ ਰਿਹਾ ਸੀ। ਅਚਾਨਕ ਟਰੱਕ ਖ਼ਰਾਬ ਹੋਣ ਕਾਰਨ ਚਾਲਕ ਰਾਹੁਲ ਨੇ ਟਰੱਕ ਉੱਥੇ ਖੜ੍ਹਾ ਕਰ ਦਿੱਤਾ। ਉਸ ਦੇ ਟਰੱਕ ਵਿੱਚ ਨਾ ਤਾਂ ਰਿਫਲੈਕਟਰ ਲੱਗੇ ਸਨ ਤੇ ਨਾ ਹੀ ਉਸ ਨੇ ਸੇਫਟੀ ਕੋਨ ਸੜਕਾਂ ’ਤੇ ਲਾਈ ਤਾਂ ਕਿ ਸਾਹਮਣੇ ਤੋਂ ਆਉਣ ਵਾਲੇ ਵਾਹਨ ਨੂੰ ਪਤਾ ਲੱਗ ਸਕੇ ਕਿ ਅੱਗੇ ਟਰੱਕ ਖ਼ਰਾਬ ਹੈ। ਉਨ੍ਹਾਂ ਕਿਹਾ ਕਿ ਪਿੱਛੋਂ ਆ ਰਹੀ ਗੱਡੀ ਤੇਜ਼ ਸੀ ਅਤੇ ਤਿੰਨਾਂ ਨੂੰ ਟਰੱਕ ਦਾ ਪਤਾ ਨਹੀਂ ਲੱਗ ਸਕਿਆ ਤੇ ਗੱਡੀ ਸਿੱਧੀ ਟਰੱਕ ’ਚ ਜਾ ਵੱਜੀ।