ਜੋਗਿੰਦਰ ਸਿੰਘ ਓਬਰਾਏ
ਖੰਨਾ, 18 ਜੁਲਾਈ
ਸ਼ਬਜੀ ਮੰਡੀ ਸਥਿਤ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਠੀਕ ਪਿਛੇ ਕੂੜਾ ਚੁੱਕਣ ਵਾਲੀ ਔਰਤ ਜਦੋਂ ਕੂੜਾ ਚੁੱਕ ਰਹੀ ਸੀ ਤਾਂ ਉਸ ਨੂੰ ਉਥੇ ਦੋ ਬੰਬ ਨੁਮਾ ਦੋ ਗੋਲੇ ਵਿਖਾਈ ਦਿੱਤੇੇੇ। ਉਸ ਨੇ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ, ਮੁਲਾਜ਼ਮਾਂ ਨੇ ਸੂਚਨਾ ਸਿਟੀ-2 ਪੁਲੀਸ ਨੂੰ ਦਿੱਤੀ। ਥਾਣੇਦਾਰ ਰਣਦੀਪ ਕੁਮਾਰ ਆਪਣੀ ਟੀਮ ਨਾਲ ਪੁੱਜੇ, ਗੋਲਿਆਂ ਨੂੰ ਉਥੋਂ ਚੁੱਕ ਕੇ ਮਾਰਕੀਟ ਕਮੇਟੀ ਦਫ਼ਤਰ ਦੇ ਕੋਨੇ ਵਿਚ ਟੋਆ ਪੁੱਟ ਕੇ ਦੱਬ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਦੋਵੇਂ ਹੀ ਗੋਲੇ ਡਿਫ਼ਿਊਜ ਹਨ, ਪਰ ਫ਼ਿਰ ਵੀ ਪੁਲੀਸ ਸਾਵਧਾਨੀ ਨਾਲ ਕੰਮ ਲੈ ਰਹੀ ਹੈ। ਗਾਰਡ ਨੂੰ ਵੀ ਤਾਇਨਾਤ ਕੀਤਾ ਗਿਆ। ਇਸ ਦੇ ਨਾਲ ਹੀ ਪੁਲੀਸ ਨੇ ਖੋਜੀ ਕੁੱਤਿਆਂ ਦੀ ਮਦਦ ਨਾਲ ਮਿਲਟਰੀ ਮੈਦਾਨ ਦੀ ਤਲਾਸ਼ੀ ਵੀ ਲਈ ਪਰ ਹੋਰ ਕੁੱਝ ਨਹੀਂ ਮਿਲਿਆ। ਰਾਕੇਟ ਲਾਂਚਰ ਦੇ ਦੋਵੇਂ ਹੀ ਗੋਲੇ ਕਬਾੜ ਦੀ ਹਾਲਤ ‘ਚ ਸਨ ਤੇ ਸ਼ੁਰੂਆਤੀ ਜਾਂਚ ਵਿਚ ਇਹੀ ਲੱਗ ਰਿਹਾ ਹੈ ਕਿ ਕਿਸੇ ਕਬਾੜੀ ਜਾਂ ਪਿੱਤਲ ਦੇ ਸਕਰੈਪ ਵਿੱਚ ਇਹ ਗੋਲੇ ਆ ਗਏ ਹੋਣਗੇ। ਹੁਣ ਪੁਲੀਸ ਗੋਲੇ ਸੁੱਟਣ ਵਾਲੇ ਦੀ ਤਲਾਸ਼ ਲਈ ਆਸਪਾਸ ਦੇ ਕਬਾੜੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਥਾਣੇਦਾਰ ਰਣਦੀਪ ਕੁਮਾਰ ਨੇ ਕਿਹਾ ਕਿ ਬੰਬ ਸਕੁਆਇਡ ਦੀ ਟੀਮ ਨੂੰ ਬੁਲਾਇਆ ਗਿਆ ਹੈ, ਉਹ ਜਾਂਚ ਦੇ ਬਾਅਦ ਠੀਕ ਰਿਪੋਰਟ ਦੇ ਸਕਣਗੇ।