ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 22 ਸਤੰਬਰ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਹਰਜੀਤ ਸਿੰਘ ਅਤੇ ਐੱਸਪੀ (ਡੀ) ਹਰਿੰਦਰਪਾਲ ਸਿੰਘ ਪਰਮਾਰ ਨੇ ਨਸ਼ਾ ਤਸਕਰਾਂ ਖਿਲਾਫ਼ ਪੁਲੀਸ ਥਾਣਾ ਸੀ.ਆਈ.ਏ ਵੱਲੋਂ ਕੀਤੀ ਬਰਾਮਦਗੀ ਸਬੰਧੀ ਬਾਅਦ ਦੁਪਹਿਰ ਰੱਖੀ ਮੀਟਿੰਗ ਦੌਰਾਨ ਦੋ ਤਸਕਰਾਂ ਨੂੰ ਕਾਰ ਸਮੇਤ ਹਿਰਾਸਤ ’ਚ ਲੈਣ ਦਾ ਖੁਲਾਸਾ ਕੀਤਾ ਹੈ। ਸੀਨੀਅਰ ਪੁਲੀਸ ਕਪਤਾਨ ਹਰਜੀਤ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਦਲਵੀਰ ਸਿੰਘ ਤੇ ਸਬ-ਇੰਸਪੈਕਟਰ ਕਮਲਦੀਪ ਕੌਰ ਨੇ ਨਸ਼ਾ ਤਸਕਰਾਂ ਨੂੰ ਹਿਰਾਸਤ ’ਚ ਲੈਣ ਲਈ ਗੁਪਤ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਕ੍ਰਿਸ਼ਨਾ ਮੈਡੀਕਲ ਸਟੋਰ ਦੇ ਨਾਮ ’ਤੇ ਦਵਾਈਆਂ ਦਾ ਧੰਦਾ ਕਰ ਰਹੇ ਵਰਿੰਦਰ ਕੁਮਾਰ ਵਾਸੀ ਮੁਹੱਲਾ ਲਹੌਰੀਆਂ ਨੂੰ ਐਕਟਿਵਾ ਸਕੂਟਰ ਪੀ.ਬੀ.25 ਐਚ.4402 ਸਮੇਤ ਕਾਬੂ ਕੀਤਾ। ਜਦੋਂ ਉੱਚ ਅਧਿਕਾਰੀਆਂ ਦੀ ਹਾਜ਼ਰੀ ’ਚ ਉਸਦੇ ਸਕੂਟਰ ਦੀ ਡਿੱਗੀ ਖੋਲ੍ਹੀ ਗਈ ਤਾਂ 320 ਗੋਲੀਆਂ ਬਰਾਮਦ ਹੋਈਆਂ। ਇਸੇ ਤਰ੍ਹਾਂ ਉਸਦੇ ਸਾਥੀ ਦਵਾਈਆਂ ਦਾ ਕਾਰੋਬਾਰ ਕਰਦੇ ਗੁਰਪ੍ਰੀਤ ਸਿੰਘ ਵਾਸੀ ਈਸ਼ਰ ਨਗਰ ਲੁਧਿਆਣਾ ਨੂੰ ਕਾਰ ਅਰਬਨ ਕਰੂਜ਼ਰ ਪੀਬੀ. ਐਚ.ਕਿਊ 6156 ਸਮੇਤ ਉਸ ਵੇਲੇ ਕਾਬੂ ਕੀਤਾ ਜਦੋਂ ਉਹ 190 ਡੱਬੇ ਟਰਾਮਾਡੋਲ (38000 ਗੋਲੀ ਅਤੇ 1000 ਗੋਲੀਆਂ) ਸਪਲਾਈ ਕਰਨ ਲਈ ਲਿਜਾ ਰਿਹਾ ਸੀ। ਐੱਸਪੀ ਹਰਿੰਦਰਪਾਲ ਸਿੰਘ ਪਰਮਾਰ ਅਤੇ ਡੀਐੱਸਪੀ ਹਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਵਰਿੰਦਰ ਕੁਮਾਰ ਖਿਲਾਫ਼ ਪਹਿਲਾਂ ਵੀ ਨਸ਼ੇ ਦੀਆਂ ਗੋਲੀਆਂ ਸਪਲਾਈ ਕਰਨ ਦੇ ਦੋਸ਼ ਹੇਠ ਥਾਣਾ ਸ਼ਹਿਰੀ ’ਚ ਕੇਸ ਦਰਜ ਹੈ। ਦੋਵਾਂ ਖਿਲਾਫ਼ ਕੇਸ ਦਰਜ ਕਰਨ ਉਪਰੰਤ ਰਿਮਾਂਡ ਲੈਣ ਦੀ ਪ੍ਰਕਿਰਿਆ ਆਰੰਭੀ ਗਈ ਹੈ।