ਜਸਬੀਰ ਸ਼ੇਤਰਾ
ਜਗਰਾਉਂ, 27 ਅਪਰੈਲ
ਇੱਥੇ ਲੁਧਿਆਣਾ-ਮੋਗਾ ਮੁੱਖ ਮਾਰਗ ’ਤੇ ਨਾਨਕਸਰ ਸੰਪਰਦਾਇ ਦੀ ਮੁੱਖ ਠਾਠ ਨਾਨਕਸਰ ਸਾਹਮਣੇ ਸਥਿਤ ਦਰਜਨਾਂ ਝੁੱਗੀਆਂ ’ਚ ਅੱਜ ਦੁਪਹਿਰ ਸਮੇਂ ਅਚਨਚੇਤ ਅੱਗ ਲੱਗ ਗਈ।
ਇਸ ਤੋਂ ਪਹਿਲਾਂ ਕਿ ਅੱਗ ’ਤੇ ਕਾਬੂ ਪਾਇਆ ਜਾਂਦਾ 15 ਤੋਂ 20 ਝੁੱਗੀਆਂ ਸੜਕ ਕੇ ਸੁਆਹ ਹੋ ਗਈਆਂ। ਮੌਕੇ ’ਤੇ ਇਕੱਤਰ ਲੋਕਾਂ ਤੇ ਹਿੰਮਤੀ ਨੌਜਵਾਨਾਂ ਨੇ ਉਥੇ ਝੁੱਗੀ ਵਾਲਿਆਂ ਦੀਆਂ ਰੱਖੀਆਂ ਮੱਝਾਂ ਤੇ ਬੱਕਰੀਆਂ ਦੇ ਰੱਸੇ ਛੁਡਾ ਕੇ ਭਜਾਇਆ ਜਿਸ ਕਰਕੇ ਉਨ੍ਹਾਂ ਦਾ ਬਚਾਅ ਹੋ ਗਿਆ। ਝੁੱਗੀਆਂ ’ਚ ਮੌਜੂਦ ਔਰਤਾਂ ਤੇ ਬੱਚਿਆਂ ਨੇ ਵੀ ਭੱਜ ਕੇ ਜਾਨ ਬਚਾਈ। ਝੁੱਗੀਆਂ ਦੇ ਸਾਹਮਣੇ ਹੀ ਰਹਿੰਦੇ ਸਾਬਕਾ ਸਰਪੰਚ ਸ਼ਿਵਰਾਜ ਸਿੰਘ ਨੇ ਸਾਥੀਆਂ ਨਾਲ ਮਿਲ ਕੇ ਪਾਣੀ ਵਾਲੇ ਟੈਂਕਰ ਦਾ ਪ੍ਰਬੰਧ ਕੀਤਾ ਅਤੇ ਅੱਗ ਬੁਝਾਉਣ ਲਈ ਜਦੋ-ਜਹਿਦ ਸ਼ੁਰੂ ਕੀਤੀ। ਇੰਨੀ ਦੇਰ ਨੂੰ ਐਂਬੂਲੈਂਸ ਅਤੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਵੀ ਪਹੁੰਚ ਗਏ। ਝੁੱਗੀਆਂ ’ਚ ਰਹਿੰਦੀ ਇਕ ਲੜਕੀ ਨੇ ਦੱਸਿਆ ਕਿ ਉਸ ਦਾ ਦਸਵੀਂ ਦਾ ਸਰਟੀਫਿਕੇਟ ਤੇ ਆਧਾਰ ਕਾਰਡ ਅੰਦਰ ਹੀ ਸੜ ਗਿਆ ਹੈ। ਇਸੇ ਤਰ੍ਹਾਂ ਇਕ ਹੋਰ ਵਿਅਕਤੀ ਨੇ ਸੋਲਰ ਸਿਸਟਮ ਸੜ ਜਾਣ ਦੀ ਗੱਲ ਆਖੀ। ਝੁੱਗੀਆਂ ਨੇੜੇ ਪਏ ਸਾਈਕਲ ਵੀ ਅੱਗ ਦੀ ਭੇਟ ਚੜ੍ਹ ਗਏ। ਕਈਆਂ ਹੋਰਨਾਂ ਦਾ ਕੀਮਤੀ ਸਮਾਨ ਵੀ ਝੁੱਗੀਆਂ ’ਚ ਸੜ ਗਿਆ। ਲੋਕਾਂ ਨੇ ਬਾਕੀ ਝੁੱਗੀਆਂ ਨੂੰ ਬਚਾਉਣ ਲਈ ਕੁਝ ਨੂੰ ਉਖਾੜ ਵੀ ਦਿੱਤਾ ਤਾਂ ਜੋ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਇਸ ਦੌਰਾਨ ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਹੈ ਅਤੇ ਸਮਾਂ ਰਹਿੰਦੇ ਅੱਗ ’ਤੇ ਕਾਬੂ ਪਾ ਲਿਆ ਗਿਆ।