ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਅਪਰੈਲ
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਵਕਰਮਾ ਕਲੋਨੀ ਮੇਨ ਮਾਰਕੀਟ ਸਥਿਤ ਗੁਰਦੁਆਰਾ ਸਾਹਿਬ ਵਿੱਚ ਕਰਵਾਏ ਗਏ ਦਸਤਾਰ ਮੁਕਾਬਲੇ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਅਤੇ ਭਾਈ ਰਾਮ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਮਿੰਦਰ ਸਿੰਘ ਮਠਾੜੂ ਸੋਮਾ ਨੇ ਕਿਹਾ ਕਿ ਦਸਤਾਰ ਕਿਸੇ ਵੀ ਇਨਸਾਨ ਨੂੰ ਦਿਲ ਖਿਚਵੀਂ ਨਿਵੇਕਲੀ ਪਹਿਚਾਣ ਦੇਣ ਅਤੇ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਸੇਧ ਦਿੰਦੀ ਹੈ। ਇਸ ਦੌਰਾਨ 0 ਤੋਂ 10 ਸਾਲ, 11 ਤੋਂ 18 ਸਾਲ ਅਤੇ 19 ਤੋਂ 25 ਸਾਲ ਉਮਰ ਦੇ 150 ਤੋਂ ਵੱਧ ਬੱਚਿਆਂ ਅਤੇ ਨੌਜਵਾਨਾਂ ਨੇ ਦਸਤਾਰ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਪ੍ਰਬੰਧਕਾਂ ਵੱਲੋਂ ਮੁਕਾਬਲਿਆਂ ਲਈ ਤੈਅ ਕੀਤੇ ਸਮੇਂ ਵਿੱਚ ਸਿਰਾਂ ’ਤੇ ਦਸਤਾਰਾਂ ਸਜਾਈਆਂ। ਇਸ ਮੌਕੇ ਤੇ ਬੱਬੂ ਟਰਬਨ ਅਕੈਡਮੀ ਤੋਂ ਪਰਮਿੰਦਰ ਸਿੰਘ ਬੱਬੂ ਅਤੇ ਜਗਪ੍ਰੀਤ ਸਿੰਘ ਢਿੱਲੋਂ ਨੇ ਦਸਤਾਰ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਤਿੰਨੋਂ ਗਰੁੱਪਾਂ ’ਚੋਂ ਪਹਿਲੇ ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲਿਆਂ ਦੀ ਚੋਣ ਦੀ ਸੇਵਾ ਨਿਭਾਈ। ਜੇਤੂਆਂ ਨੂੰ ਸ੍ਰੀ ਕੜਵਲ, ਮਠਾੜੂ ਸੋਮਾ, ਪ੍ਰਧਾਨ ਰਾਮ ਸਿੰਘ ਅਤੇ ਕੌਂਸਲਰ ਪੁੱਤਰ ਗੁਰਪ੍ਰੀਤ ਸਿੰਘ ਗਿੱਲ ਗੋਪੀ ਨੇ ਸਨਮਾਨਿਤ ਕੀਤਾ।