ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਅਗਸਤ
ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਕੇਂਦਰ ਸਰਕਾਰ ਵੱਲੋਂ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਦੇ ਸਬੰਧ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਇੱਥੇ ਤਿਰੰਗਾ ਯਾਤਰਾ ਕੱਢੀ ਗਈ, ਜਿਸ ਵਿੱਚ ਕੇਂਦਰੀ ਸਿਹਤ ਮੰਤਰੀ ਡਾ. ਮਨਮੁਖ ਮਾਂਡਵੀਆ ਅਤੇ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਕਈ ਆਗੂ ਪੁੱਜੇ। ਭਾਜਪਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਦੀ ਦੇਖ ਰੇਖ ਹੇਠ ਸ਼ੁਰੂ ਹੋਈ ਇਹ ਯਾਤਰਾ ਰੱਖ ਬਾਗ ਤੋਂ ਜਗਰਾਉਂ ਪੁੱਲ, ਰੇਖੀ ਸਿਨੇਮਾ ਚੌਕ, ਕੋਠੀ ਖਵਾਜਾ ਆਜ਼ਮ, ਚੌਂਕ ਡਵੀਜ਼ਨ ਨੰਬਰ ਤਿੰਨ, ਚੌੜਾ ਬਾਜ਼ਾਰ ਅਤੇ ਗਿਰਜਾ ਘਰ ਚੌਕ ਤੋਂ ਹੁੰਦੀ ਹੋਈ ਘੰਟਾ ਘਰ ਚੌਕ ਸਥਿਤ ਭਾਜਪਾ ਦਫਤਰ ਵਿੱਖੇ ਦੇਰ ਸ਼ਾਮ ਸਮਾਪਤ ਹੋਈ। ਇਸ ਤਿਰੰਗਾ ਯਾਤਰਾ ਵਿੱਚ ਪਾਰਟੀ ਵਰਕਰ ਵੱਖ ਵੱਖ ਵਾਹਨਾਂ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ ਆਦਿ ਵਿੱਚ ਸ਼ਾਮਿਲ ਹੋਏ। ਉਨ੍ਹਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਯਾਤਰਾ ਦਾ ਥਾਂ ਥਾਂ ਲੋਕਾਂ ਵੱਲੋਂ ਸਵਾਗਤ ਵੀ ਕੀਤਾ ਗਿਆ ਅਤੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ।
ਭਾਜਪਾ ਅੱਜ ਮਨਾਏਗੀ ਵੰਡ ਦਾ ਯਾਦਗਾਰੀ ਦਿਹਾੜਾ
ਭਾਜਪਾ ਆਗੂ ਅਤੇ ਕੇਂਦਰੀ ਸਿਹਤ ਮੰਤਰੀ ਡਾ. ਮਨਮੁੱਖ ਮਾਂਡਵੀਆ ਨੇ ਅੱਜ ਸ਼ਹਿਰ ਦੇ ਦੌਰੇ ਦੌਰਾਨ ਸਰਕਟ ਹਾਊਸ ਵਿੱਚ ਪਾਰਟੀ ਦੇ ਸੂਬਾਈ ਅਹੁਦੇਦਾਰਾਂ ਅਤੇ ਸੀਨੀਅਰ ਵਰਕਰਾਂ ਨਾਲ ਮੀਟਿੰਗ ਕਰਕੇ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਅੱਜ ਲੋਕ ਸਭਾ ਕੋਰ ਕਮੇਟੀ ਦੇ ਨਾਲ ਮੀਟਿੰਗ ਕਰਨ ਤੋਂ ਇਲਾਵਾ ਵਿਧਾਨ ਸਭਾ ਹਲਕਾ ਦੱਖਣੀ ਅਤੇ ਆਤਮ ਨਗਰ ਕੋਰ ਕਮੇਟੀਆਂ ਨਾਲ ਵੀ ਮੀਟਿੰਗਾਂ ਕੀਤੀਆਂ। ਉਨ੍ਹਾਂ ਮੀਟਿੰਗਾਂ ਦੌਰਾਨ ਵਰਕਰਾਂ ਨੂੰ ਲੋਕ ਸਭਾ ਚੋਣਾਂ ਲਈ ਹੁਣ ਤੋਂ ਹੀ ਤਿਆਰੀ ਆਰੰਭਣ ਲਈ ਦਿਸ਼ਾ ਨਿਰਦੇਸ਼ ਦਿੱਤੇ।
ਉਨ੍ਹਾਂ ਦੱਸਿਆ 14 ਅਗਸਤ ਨੂੰ ਦੇਸ਼ ਭਰ ਵਿੱਚ ਭਾਰਤ-ਪਾਕਿ ਵੰਡ ਦੌਰਾਨ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕਰਨ ਲਈ ਵਿਸ਼ੇਸ਼ ਸਮਾਗਮ ਕੀਤੇ ਜਾਣਗੇ।