ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 16 ਨਵੰਬਰ
ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ’ਤੇ ਅੱਜ ਕਿਸਾਨਾਂ ਨੇ ਗ਼ਦਰ ਲਹਿਰ ਦੇ ਮਹਾਨ ਯੋਧੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 106ਵਾਂ ਸ਼ਹੀਦੀ ਦਿਹਾੜਾ ਮਨਾਉਂਦਿਆਂ ਗ਼ਦਰ ਪਾਰਟੀ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਅਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰਦੇ ਰਹਿਣ ਦਾ ਅਹਿਦ ਲਿਆ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਨੁਮਾਇੰਦੇ ਵੱਡੀ ਗਿਣਤੀ ’ਚ ਇਕੱਤਰ ਹੋਏ। ਆਤਮਾ ਸਿੰਘ ਬੋਪਾਰਾਏ, ਜਸਦੇਵ ਸਿੰਘ ਲਲਤੋਂ, ਸੁਭਾਸ਼ ਚੰਦ, ਕੈਪਟਨ ਕੁਲਰਾਜ ਸਿੰਘ ਸਿੱਧਵਾਂ, ਰਣਜੀਤ ਸਿੰਘ ਗੁੜੇ, ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਡਾ. ਗੁਰਮੇਲ ਸਿੰਘ ਕੁਲਾਰ, ਉਜਾਗਰ ਸਿੰਘ ਬੱਦੋਵਾਲ ਆਦਿ ਨੇ ਸ਼ਹੀਦ ਸਰਾਭਾ ਦੇ ਜੀਵਨ ’ਤੇ ਚਾਨਣਾ ਪਾਇਆ। ਉਨ੍ਹਾਂ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਨਾਲ ਫਾਂਸੀ ਚੜ੍ਹਾ ਕੇ ਸ਼ਹੀਦ ਕੀਤੇ ਗਏ ਹੋਰਾਂ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸੇ ਤਰ੍ਹਾਂ ਰੇਲਵੇ ਪਾਰਕ ਜਗਰਾਉਂ ਵਿੱਚ ਸ਼ਹੀਦ ਸਰਾਭਾ ਦੀ 106ਵੀਂ ਬਰਸੀ ’ਤੇ ਨਮਨ ਕਰਦਿਆਂ ਕਿਸਾਨਾਂ-ਮਜ਼ਦੂਰਾਂ ਨੇ ਅੱਜ ਦੇ ਦਿਨ ਲਾਹੌਰ ਸਾਜਿਸ਼ ਕੇਸ ’ਚ ਫਾਂਸੀ ਚੜ੍ਹਾਏ ਗਏ ਜਗਤ ਸਿੰਘ ਸੁਰ ਸਿੰਘ ਵਾਲਾ, ਵਿਸ਼ਨੂੰ ਗਣੇਸ਼ ਪਿੰਗਲੇ, ਸ਼ਹੀਦ ਬਖਸ਼ੀਸ਼ ਸਿੰਘ, ਹਰਨਾਮ ਸਿੰਘ ਸਿਆਲਕੋਟੀ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ ਨੂੰ ਸ਼ਰਧਾਂਜਲੀ ਭੇਟ ਕੀਤੀ। ਲੋਕ ਆਗੂ ਕੰਵਲਜੀਤ ਖੰਨਾ ਨੇ ਸ਼ਹੀਦ ਸਰਾਭਾ ਦੀ ਲਾਸਾਨੀ ਕੁਰਬਾਨੀ ਅਤੇ ਗ਼ਦਰ ਪਾਰਟੀ ’ਚ ਛੋਟੀ ਉਮਰ ਦੇ ਬਾਵਜੂਦ ਨਿਭਾਈ ਸ਼ਾਨਾਮੱਤੀ ਭੂਮਿਕਾ ਬਾਰੇ ਵਿਚਾਰ ਰੱਖੇ। ਕਿਸਾਨ ਆਗੂ ਦਰਸ਼ਨ ਸਿੰਘ ਗਾਲਬਿ ਨੇ ਦੱਸਿਆ ਕਿ ਭਲਕੇ 17 ਨਵੰਬਰ ਨੂੰ ਸੈਂਕੜੇ ਮੋਟਰਸਾਈਕਲ ਸਵਾਰ ਨੌਜਵਾਨ, ਕਿਸਾਨ ਮਜ਼ਦੂਰ ਕਾਫਲੇ ਬੰਨ੍ਹ ਕੇ ਵੱਖ ਵੱਖ ਪਿੰਡਾਂ ’ਚੋਂ ਮਾਰਚ ਕਰਦਿਆਂ ਪਿੰਡ ਸਰਾਭਾ ਪਹੁੰਚ ਕੇ ਸ਼ਹੀਦ ਦੇ ਬੁੱਤ ’ਤੇ ਸ਼ਰਧਾਂਜਲੀ ਭੇਟ ਕਰਨਗੇ।
ਖ਼ੁਸ਼ਕ ਬੰਦਰਗਾਹ ਮੋਰਚੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਗੁਰੂਸਰ ਸੁਧਾਰ (ਸੰਤੋਖ ਗਿੱਲ): ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਗ਼ਦਰ ਲਹਿਰ ਦੇ 7 ਮਹਾਨ ਸ਼ਹੀਦਾਂ ਨੂੰ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਦੇ ਸੰਘਰਸ਼ੀ ਅਖਾੜੇ ਤੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਹਰਨੇਕ ਸਿੰਘ ਗੁੱਜਰਵਾਲ ਅਤੇ ਜ਼ਿਲ੍ਹਾ ਖ਼ਜ਼ਾਨਚੀ ਕੁਲਜੀਤ ਕੌਰ ਗਰੇਵਾਲ ਨੇ ਕਿਹਾ ਕਿ 16 ਨਵੰਬਰ 1915 ਨੂੰ ਗ਼ਦਰ ਲਹਿਰ ਦੇ ਹੀਰੋ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਅੰਗਰੇਜ਼ ਹਕੂਮਤ ਨੇ ਫਾਂਸੀ ਦੇ ਕੇ ਸ਼ਹੀਦ ਕੀਤਾ ਸੀ। ਜਨਵਾਦੀ ਇਸਤਰੀ ਸਭਾ ਦੀ ਆਗੂ ਅਮਨਦੀਪ ਕੌਰ, ਰਾਜਿੰਦਰ ਕੌਰ, ਸੁਖਵਿੰਦਰ ਕੌਰ, ਜਮਹੂਰੀ ਕਿਸਾਨ ਸਭਾ ਦੇ ਆਗੂ ਸੁਰਜੀਤ ਸਿੰਘ ਸੀਲੋਂ, ਅਮਰੀਕ ਸਿੰਘ ਜੜਤੌਲੀ ਨੇ ਕਿਹਾ ਕਿ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਮਿੱਟੀ ਵਿਚ ਰੋਲ ਕੇ ਮੋਦੀ ਹਕੂਮਤ ਅੱਜ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਗਹਿਣੇ ਧਰਨ ਵਿੱਚ ਲੱਗੀ ਹੋਈ ਹੈ।