ਦੇਵਿੰਦਰ ਸਿੰਘ ਜੱਗੀ
ਪਾਇਲ, 11 ਮਈ
ਜੇਕਰ ਹਲਕਾ ਪਾਇਲ ਦੀਆਂ ਮੁੱਖ ਸੜਕਾਂ ਪਾਇਲ ਤੋਂ ਧਮੋਟ, ਮਲੌਦ, ਰਾੜਾ ਸਾਹਿਬ, ਪਾਇਲ ਤੋਂ ਦੋਰਾਹਾ ਤੇ ਬੀਜਾ ਤੇ ਇਲਾਕੇ ਦੀਆਂ ਲਿੰਕ ਸੜਕਾਂ ਦੇ ਆਲੇ-ਦੁਆਲੇ ਖੜ੍ਹੇ ਦਰੱਖਤ ਕਣਕ ਦੇ ਖੇਤਾਂ ਵਿੱਚ ਨਾੜ ਨੂੰ ਲਾਈ ਅੱਗ ਨੇ ਤਹਿਸ ਨਹਿਸ ਕਰ ਦਿੱਤੇ ਹਨ ਤਾਂ ਕੀ ਜੰਗਲਾਤ ਮਹਿਕਮੇ ਦੇ ਅਧਿਕਾਰੀ ਅੱਗ ਲਗਾਉਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨਗੇ ਜਾਂ ਫਿਰ ਇਹ ਮਾਮਲਾ ਠੰਢੇ ਬਸਤੇ ਵਿੱਚ ਪੈ ਜਾਵੇਗਾ? ਦੱਸਣਯੋਗ ਹੈ ਕਿ ਇਸ ਵਾਰੀ ਕਣਕ ਦੇ ਨਾੜ ਨੂੰ ਅੱਗ ਵੱਡੇ ਪੱਧਰ ’ਤੇ ਲਾਈ ਗਈ ਹੈ, ਜਿਸ ਕਾਰਨ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਖੜ੍ਹੇ ਹਜ਼ਾਰਾਂ ਦਰੱਖਤ ਸੜ ਚੁੱਕੇ ਹਨ। ਯੂਥ ਕਲੱਬ ਸਿਹੌੜਾ ਦੇ ਆਗੂਆਂ ਨੇ ਕਿਹਾ ਕਿ ਸੜਕਾਂ ਦੇ ਆਲੇ ਦੁਆਲੇ ਖੜ੍ਹੇ ਦਰੱਖਤਾਂ ਨੂੰ ਅੱਗ ਨਾਲ ਸਾੜਨ ਵਾਲਿਆਂ ਖਿਲਾਫ਼ ਮਹਿਕਮੇ ਨੂੰ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਵਾਤਾਵਰਨ ਪ੍ਰੇਮੀਆਂ ਨੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਕਿ ਸੜਕਾਂ ਦੇ ਆਲੇ ਦੁਆਲੇ ਖੜ੍ਹੇ ਦਰੱਖਤ ਜੋ ਖੇਤਾਂ ਵਿੱਚ ਲਗਾਈ ਅੱਗ ਨਾਲ ਤਹਿਸ ਨਹਿਸ ਹੋ ਚੁੱਕੇ ਹਨ, ਉਨ੍ਹਾਂ ਦੇ ਖੇਤ ਮਾਲਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।
ਦਰੱਖਤ ਸਾੜਨ ਵਾਲਿਆਂ ’ਤੇ ਕਾਰਵਾਈ ਹੋਵੇਗੀ: ਅਧਿਕਾਰੀ
ਵਣ ਰੇਂਜ ਅਫ਼ਸਰ ਦੋਰਾਹਾ ਜਸਵੀਰ ਸਿੰਘ ਰਾਏ ਨੇ ਕਿਹਾ ਕਿ ਸੜਕਾਂ ਦੇ ਆਲੇ ਦੁਆਲੇ ਦੇ ਖੇਤ ਮਾਲਕਾਂ ਦੀ ਜਾਂਚ ਪੜਤਾਲ ਕਰ ਕੇ ਅੱਗ ਨਾਲ ਹਰੇ ਭਰੇ ਦਰੱਖਤ ਸਾੜਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।