ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 2 ਜੂਨ
ਮਾਲ ਵਿਭਾਗ ਵੱਲੋਂ ਮਾਛੀਵਾੜਾ ਬੁੱਢਾ ਦਰਿਆ ਨੇੜੇ ਪਈ ਪੱਤੀ ਦੀ ਇਸ ਛੇ ਏਕੜ ਜ਼ਮੀਨ ਦਾ ਨਗਰ ਕੌਂਸਲ ਦੇ ਨਾਂ ਇੰਤਕਾਲ ਦਰਜ ਕਰਵਾ ਦਿੱਤਾ ਹੈ, ਹੁਣ ਇਸ ਦੀ ਮਾਲਕੀ ਕੌਂਸਲ ਦੀ ਹੋਵੇਗੀ। ਇਸ ਜ਼ਮੀਨ ਸਬੰਧੀ ਨਗਰ ਕੌਂਸਲ ਵੱਲੋਂ ਐੱਸਡੀਐੱਮ ਸਮਰਾਲਾ ਨੂੰ ਪੱਤਰ ਲਿਖਿਆ ਗਿਆ ਕਿ ਕਾਨੂੰਨ ਅਨੁਸਾਰ ਇਸ ਜ਼ਮੀਨ ਦਾ ਇੰਤਕਾਲ ਕੌਂਸਲ ਦੇ ਨਾਂ ਚੜ੍ਹਾਇਆ ਜਾਵੇ। ਐੱਸਡੀਐੱਮ ਸਮਰਾਲਾ ਵਲੋਂ ਇਸ ਸਬੰਧੀ ਕਾਰਵਾਈ ਲਈ ਮਾਛੀਵਾੜਾ ਸਬ-ਤਹਿਸੀਲ ਵਿਚ ਮਾਲ ਵਿਭਾਗ ਕੋਲ ਇਹ ਮਾਮਲਾ ਭੇਜ ਦਿੱਤਾ ਗਿਆ। ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਨੇ ਦੱਸਿਆ ਕਿ ਸਰਕਾਰ ਦੇ 1976 ਦੇ ਨੋਟੀਫਿਕੇਸ਼ਨ ਤੇ ਨਿਯਮਾਂ ਅਨੁਸਾਰ ਇਹ ਛੇ ਏਕੜ ਜ਼ਮੀਨ ਜੋ ਪੁਰਾਣੀ ਪੱਤੀ ਦੀ ਪਈ ਹੈ, ਦਾ ਇੰਤਕਾਲ ਨਗਰ ਕੌਂਸਲ ਦੇ ਨਾਂ ਉੱਪਰ ਦਰਜ ਕਰ ਦਿੱਤਾ ਗਿਆ ਹੈ। ਮਾਛੀਵਾੜਾ ਤੋਂ ਦੋ ਕਿਲੋਮੀਟਰ ਦੂਰ ਬੁੱਢੇ ਦਰਿਆ ਨੇੜੇ ਇਸ ਜ਼ਮੀਨ ’ਚੋਂ ਰੋਪੜ ਤੋਂ ਲੁਧਿਆਣਾ ਤੱਕ ਬਣਿਆ ਨਵਾਂ ਨੈਸ਼ਨਲ ਹਾਈਵੇਅ ਬਣ ਰਿਹਾ ਹੈ। ਇਸ ’ਚੋਂ 23 ਕਨਾਲ ਤੋਂ ਵੱਧ ਜ਼ਮੀਨ ਇਸ ਪ੍ਰਾਜੈਕਟ ਤਹਿਤ ਸਰਕਾਰ ਵੱਲੋਂ ਐਕੁਆਇਰ ਕੀਤੀ ਜਾਣੀ ਹੈ। ਨਗਰ ਕੌਂਸਲ ਨੂੰ 3 ਕਰੋੜ ਤੋਂ ਵੱਧ ਦੀ ਮੁਆਵਜ਼ਾ ਰਕਮ ਮਿਲ ਸਕਦੀ ਹੈ। ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਦੱਸਿਆ ਕਿ ਇਹ ਕਰੋੜਾਂ ਰੁਪਏ ਦੀ ਜ਼ਮੀਨ ਪ੍ਰਸ਼ਾਸਨ ਤੇ ਮਾਲ ਵਿਭਾਗ ਦੇ ਸਹਿਯੋਗ ਸਦਕਾ ਕੌਂਸਲ ਦੀ ਮਾਲਕੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਮੁਆਵਜ਼ੇ ਦੀ ਰਕਮ ਨਾਲ ਸ਼ਹਿਰ ਦੇ ਵਿਕਾਸ ਕਾਰਜ ਕੀਤੇ ਜਾਣਗੇ।