ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਅਪਰੈਲ
ਪੰਜਾਬ ਪੁਲੀਸ ਨੇ ਅਜਿਹੇ ਵਾਹਨ ਚਾਲਕਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ, ਜੋ ਕਿ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਸੁਣਦੇ ਹਨ। ਇਸ ਮੁਹਿੰਮ ਤਹਿਤ ਪਿਛਲੇ ਪੰਜ ਦਿਨਾਂ ਵਿੱਚ 80 ਚਲਾਨ ਕੱਟੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ’ਚ ਹਰ ਸਾਲ ਸੜਕ ਹਾਦਸਿਆਂ ’ਚ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸ ਦਾ ਇੱਕ ਵੱਡਾ ਕਾਰਨ ਮੋਬਾਈਲ ਵੀ ਹੈ। ਲੁਧਿਆਣਾ ਟਰੈਫਿਕ ਪੁਲੀਸ ਨੇ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਖਿਲਾਫ਼ ਮੁਹਿੰਮ ਵਿੱਢ ਦਿੱਤੀ ਹੈ। ਬੀਤੇ ਪੰਜ ਦਿਨਾਂ ’ਚ ਅਜਿਹੇ 80 ਲੋਕਾਂ ਦੇ ਪੁਲੀਸ ਨੇ ਚਲਾਨ ਕੀਤੇ ਹਨ ਜੋ ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰ ਰਹੇ ਸਨ। ਟਰੈਫਿਕ ਪੁਲੀਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਦੀ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਆਉਣ ਵਾਲੇ ਦਿਨਾਂ ’ਚ ਅਜਿਹੀਆਂ ਕਈ ਹੋਰ ਮੁਹਿੰਮਾਂ ਵਿੱਢੀਆਂ ਜਾਣਗੀਆਂ ਤਾਂ ਜੋ ਲੋਕ ਟਰੈਫਿਕ ਨਿਯਮਾਂ ਦੀ ਪਾਲਣਾ ਸਖਤੀ ਨਾਲ ਕਰਨ।
ਸ਼ਹਿਰ ਦੀ ਟਰੈਫਿਕ ਪੁਲੀਸ ਲੋਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਲਗਾਤਾਰ ਕਈ ਮੁਹਿੰਮਾਂ ਚਲਾ ਰਹੀ ਹੈ। ਪੁਲੀਸ ਵੱਲੋਂ ਪਹਿਲਾਂ ਬੁਲੇਟ ਮੋਟਰਸਾਈਕਲਾਂ ਦੇ ਮਾਡੀਫਾਈਡ ਸਾਇਲੈਂਸਰਾਂ ਖਿਲਾਫ਼ ਮੁਹਿੰਮ ਚਲਾ ਕੇ ਹਜ਼ਾਰਾਂ ਮੋਟਰਸਾਈਕਲਾਂ ਦੇ ਚਲਾਨ ਕੀਤੇ ਗਏ ਸਨ। ਇਸ ਦੇ ਨਾਲ ਹੀ ਕੁਝ ਦੁਕਾਨਦਾਰਾਂ, ਮਕੈਨਿਕਾਂ ਤੇ ਚਾਲਕਾਂ ਖਿਲ਼ਾਫ਼ ਵੀ ਕੇਸ ਦਰਜ ਕੀਤੇ ਗਏ ਹਨ। ਹੁਣ ਵਾਹਨ ਚਲਾਉਣ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਖਿਲਾਫ਼ ਵੀ ਪੁਲੀਸ ਕਾਰਵਾਈ ਕਰਨ ਵਿੱਚ ਲੱਗੀ ਹੋਈ ਹੈ।