ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 15 ਮਾਰਚ
ਹਰ ਮਹੀਨੇ ਕਰੋੜਾਂ ਦਾ ਵਪਾਰ ਕਰਨ ਵਾਲੀ ਪੁਰਾਣੀ ਦਾਣਾ ਮੰਡੀ ਦੇ ਵਪਾਰੀਆਂ ਅਤੇ ਇੱਥੇ ਹੀ ਸਥਿਤ ਗਊਸ਼ਾਲਾ ਦੇ ਪ੍ਰਬੰਧਕਾਂ ਨੇ ਅੱਜ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨਾਲ ਮੀਟਿੰਗ ਕੀਤੀ। ਇਸ ਸਮੇਂ ਉਨ੍ਹਾਂ ਪੁਰਾਣੀ ਦਾਣਾ ਮੰਡੀ ’ਚ ਹਰ ਸਾਲ ਬਰਸਾਤੀ ਮੌਸਮ ’ਚ ਮੀਂਹ ਦਾ ਪਾਣੀ ਭਰਨ ਅਤੇ ਇਸ ਨਾਲ ਹੋਣ ਵਾਲੇ ਮਾਲੀ ਨੁਕਸਾਨ ਦੀ ਸਮੱਸਿਆ ਤੋਂ ਜਾਣੂੰ ਕਰਵਾਇਆ। ਪ੍ਰਧਾਬ ਬੌਬੀ ਭੰਡਾਰੀ ਦੀ ਅਗਵਾਈ ’ਚ ਵਿਧਾਇਕ ਮਾਣੂੰਕੇ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੀਟਿੰਗ ਦੌਰਾਨ ਹੀ ਵਿਧਾਇਕ ਮਾਣੂੰਕੇ ਨੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਈਓ ਨੂੰ ਸੱਦ ਲਿਆ। ਉਨ੍ਹਾਂ ਤੋਂ ਸ਼ਿਕਾਇਤ ਤੇ ਸਮੱਸਿਆ ਦਾ ਹੱਲ ਕਰਨ ਲਈ ਜਵਾਬਤਲਬੀ ਕੀਤੀ। ਇਸ ’ਤੇ ਪ੍ਰਧਾਨ ਰਾਣਾ ਨੇ ਦੱਸਿਆ ਕਿ ਉਹ ਕਈ ਵਾਰ ਵਿਭਾਗ ਨੂੰ ਲਿਖਤੀ ਰੂਪ ’ਚ ਭੇਜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਗਰਾਂਟ ਦੀ ਲੋੜ ਪਵੇਗੀ ਜਿਸ ਦੇ ਮਿਲਣ ’ਤੇ ਸਮੱਸਿਆ ਤੋਂ ਨਿਜਾਤ ਸੰਭਵ ਹੈ। ਵਪਾਰੀਆਂ ਨੇ ਕਿਹਾ ਕਿ ਇਹ ਸਮੱਸਿਆ ਅੱਜ ਦੀ ਨਹੀਂ ਸਗੋਂ ਦਹਾਕਿਆਂ ਤੋਂ ਚੱਲੀ ਆ ਰਹੀ ਹੈ।
ਵਿਧਾਇਕ ਮਾਣੂੰਕੇ ਨੇ ਕਿਹਾ ਕਿ ਜਿੰਨੀ ਵੀ ਗਰਾਂਟ ਦੀ ਲੋੜ ਪਵੇ ਉਹ ਸਰਕਾਰ ਬਣਨ ਤੋਂ ਬਾਅਦ ਖ਼ੁਦ ਲਿਆ ਕੇ ਦੇਣਗੇ। ਉਨ੍ਹਾਂ ਅਧਿਕਾਰੀਆਂ ਨੂੰ ਸਮੱਸਿਆ ਦੇ ਪੱਕੇ ਹੱਲ ਲਈ ਗਰਾਂਟ ਸਬੰਧੀ ਫਾਈਲ ਤਿਆਰ ਕਰ ਕੇ ਦੇਣ ਦੀ ਹਦਾਇਤ ਕੀਤੀ। ਇਸ ਸਮੇਂ ਸਮਾਜ ਸੇਵੀ ਰਾਜਿੰਦਰ ਜੈਨ ਨੇ ਵਿਧਾਇਕ ਮਾਣੂੰਕੇ ਦਾ ਧੰਨਵਾਦ ਕੀਤਾ।