ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਥਾਣਾ ਸਦਰ ਦੀ ਪੁਲੀਸ ਨੇ ਇੱਕ ਟਰੈਕਟਰ ਏਜੰਸੀ ਦੇ ਮੈਨੇਜਰ ਅਤੇ ਦੋ ਹੋਰ ਸਾਥੀਆਂ ਦੀ ਮਿਲੀਭੁਗਤ ਨਾਲ ਮਾਲਕਾਂ ਨਾਲ ਹੀ 61.15 ਲੱਖ ਦੀ ਧੋਖਾਧੜੀ ਕਰਨ ’ਤੇ ਕੇਸ ਦਰਜ ਕੀਤਾ ਹੈ। ਮਾਮਲੇ ਬਾਰੇ ਇੰਸਪੈਕਟਰ ਮੇਜਰ ਸਿੰਘ ਥਾਣਾ ਸਦਰ ਨੇ ਦੱਸਿਆ ਕਿ ਇੱਥੋਂ ਦੀ ਪ੍ਰੀਤ ਟਰੈਕਟਰ ਏਜੰਸੀ ’ਚ ਰਮਨਦੀਪ ਸਿੰਘ ਉਰਫ ਰਮਨਾ ਵਾਸੀ ਪਿੰਡ ਪੁੜੈਣ (ਦਾਖਾ ਥਾਣਾ) ਬਤੌਰ ਮੈਨੇਜਰ ਕੰਮ ਕਰਦਾ ਸੀ। ਉਸਨੇ ਆਪਣੇ ਮਾਲਕ ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਨਾਲ ਪਾਣੀ ਦਾ ਸਰਵੇ ਕਰਵਾਉਣ ਦੀ ਆੜ੍ਹ ’ਚ 13 ਲੱਖ ਰੁਪਏ ਅਤੇ ਜ਼ਮੀਨ ’ਤੇ ਬਣੀ ਲਿਮਟ ਦਾ ਅੱਧਾ ਕਰਜ਼ਾ ਮੁਆਫ਼ ਕਰਵਾਉਣ ਦੇ ਝੂਠੇ ਸਬਜ਼ਬਾਗ ਦਿਖਾ ਕੇ 48.50 ਲੱਖ ਰੁਪਏ ਲੈ ਲਏ। ਸ਼ਿਕਾਇਤ ਕਰਨ ਵਾਲੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਰਿਸ਼ਤੇਦਾਰ ਹੋਣ ਕਰਕੇ ਰਮਨਦੀਪ ਸਿੰਘ ’ਤੇ ਭਰੋਸਾ ਕਰ ਬੈਠੇ। ਇਸ ਠੱਗੀ ’ਚ ਉਸਦੇ ਨਾਲ ਏਜੰਸੀ ਦੇ ਹੀ ਦੋ ਹੋਰ ਮੁਲਾਜ਼ਮ ਸਤਵੰਤ ਸਿੰਘ ਸੱਤਾ ਵਾਸੀ ਪਿੰਡ ਮੀਨੀਆ (ਥਾਣਾ ਬੱਧਨੀ ਕਲਾਂ) ਅਤੇ ਰਵਿੰਦਰ ਕੁਮਾਰ ਰਿੰਕੂ ਵਾਸੀ ਜਮਾਲਪੁਰ (ਫਤੀਆਬਾਦ) ਹਰਿਆਣਾ ਵੀ ਭਾਈਵਾਲ ਹਨ। ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਸੀਨੀਅਰ ਪੁਲੀਸ ਕਪਤਾਨ ਡਾ. ਪਾਟਿਲ ਕੇਤਨ ਬਾਲੀਰਾਮ ਨੇ ਉੱਚ ਅਧਿਕਾਰੀਆਂ ਤੋਂ ਕਰਵਾਈ ਹੈ ਅਤੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਹਦਾਇਤ ਕੀਤੀ। ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਪਾਰਟੀ ਦਾ ਗਠਨ ਕੀਤਾ ਗਿਆ ਹੈ।