ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਜੁਲਾਈ
ਮੱਧ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਅਫ਼ੀਮ ਲਿ਼ਆ ਕੇ ਸ਼ਹਿਰ ’ਚ ਸਪਲਾਈ ਕਰਨ ਵਾਲੇ ਮੱਧ ਪ੍ਰਦੇਸ਼ ਦੇ ਤਿੰਨ ਤਸਕਰਾਂ ਸਮੇਤ ਚਾਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਦਾਣਾ ਮੰਡੀ ਦੇ ਕੋਲ ਕਾਊਂਟਰ ਇੰਟੈਲੀਜੈਂਸ ਦੀ ਇਨਪੁੱਟਸ ’ਤੇ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ’ਚੋਂ ਤਿੰਨ ਕਿਲੋ ਅਫ਼ੀਮ ਬਰਾਮਦ ਕੀਤੀ ਹੈ। ਇਸ ਦੇ ਨਾਲ ਨਾਲ ਪੁਲੀਸ ਨੇ 25 ਹਜ਼ਾਰ ਰੁਪਏ ਦੀ ਡਰੱਗ ਮਨੀ ਤੇ ਤਸਕਰੀ ਲਈ ਵਰਤੀ ਜਾਣ ਵਾਲੀ ਕਾਰ ਵੀ ਬਰਾਮਦ ਕੀਤੀ ਹੈ। ਇਸ ਮਾਮਲੇ ’ਚ ਥਾਣਾ ਡਿਵੀਜ਼ਨ ਨੰ. 6 ਦੀ ਪੁਲੀਸ ਨੇ ਮੱਧ ਪ੍ਰਦੇਸ਼ ਦੇ ਨੀਮਚ ਵਾਸੀ ਜਤਿੰਦਰ ਸਿੰਘ, ਇੰਦਰ ਸਿੰਘ, ਅਵਤਾਰ ਸਿੰਘ ਤੇ ਸਨਅਤੀ ਸ਼ਹਿਰ ਦੇ ਮੁਹੱਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਾਸੀ ਦਵਿੰਦਰ ਸਿੰਘ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਵਿਭਾਗ ਤੇ ਕਾਊਂਟਰ ਇਟੈਲੀਜੈਂਸ ਦੇ ਕੋਲ ਗੁਪਤ ਸੂਚਨਾ ਸੀ ਜਿਸ ਦੇ ਆਧਾਰ ’ਤੇ ਇਨ੍ਹਾਂ ਮੁਲਜ਼ਮਾਂ ਨੂੰ ਨਾਕਾ ਲਗਾ ਕੇ ਕਾਬੂ ਕੀਤਾ। ਪੁਲੀਸ ਕਮਿਸ਼ਨਰੇਟ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਵਿਭਾਗ ਦੀ ਟੀਮ ਨੇ ਦਾਖਾ ਦੇ ਪਿੰਡ ਈਸੇਵਾਲ ਵਾਸੀ ਮਨਪ੍ਰੀਤ ਸਿੰਘ ਉਰਫ਼ ਬੱਬਲੂ ਨੂੰ ਗ੍ਰਿਫ਼ਤਾਰ ਕਰ ਉਸ ਦੇ ਕਬਜ਼ੇ ’ਚੋਂ ਅੱਧਾ ਕਿਲੋ ਅਫ਼ੀਮ ਬਰਾਮਦ ਕੀਤੀ ਹੈ। ਪੁਲੀਸ ਅਨੁਸਾਰ ਮੁਲਜ਼ਮ ਸ਼ਹਿਰ ’ਚ ਅਫ਼ੀਮ ਦੇਣ ਲਈ ਆਇਆ ਸੀ। ਗੁਪਤ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਨੂੰ ਕਾਬੂ ਕੀਤਾ ਹੈ।