ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 11 ਅਗਸਤ
ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੇਰ ਕਲਾਂ ਵਿੱਚ ਮੂੰਹ-ਖੁਰ ਦੀ ਬਿਮਾਰੀ ਨਾਲ ਪਸ਼ੂਆਂ ਦੇ ਮਰਨ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਪਸ਼ੂ ਪਾਲਣ ਵਿਭਾਗ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਮੁਤਾਬਿਕ ਅੱਜ ਮਰੇ 3 ਪਸ਼ੂਆਂ ਸਮੇਤ ਹੁਣ ਤੱਕ 70 ਪਸ਼ੂ ਦੀ ਮਰ ਗਏ ਹਨ।
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਹਰਜਿੰਦਰ ਸਿੰਘ, ਕੁਲਦੀਪ ਸਿੰਘ, ਕਨਪ੍ਰੀਤ ਸਿੰਘ, ਜਸਪਾਲ ਸਿੰਘ ਪਾਲਾ ਅਤੇ ਗੁਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਗੁਰਦੁਆਰਾ ਸਾਹਿਬ ਵਿੱਚ ਮੁਨਾਦੀ ਕਰਵਾਉਣ ਤੋਂ ਬਾਅਦ ਪਿੰਡ ਵਿੱਚ ਹੋਏ ਸਰਵੇਖਣ ਅਨੁਸਾਰ ਅੱਜ ਮਰੇ ਤਿੰਨ ਪਸ਼ੂਆਂ ਸਮੇਤ 89 ਪਸ਼ੂ ਮਰ ਹੋ ਚੁੱਕੇ ਹਨ। ਇਸ ਤੋਂ ਇਲਾਵਾ 600 ਦੇ ਕਰੀਬ ਬਿਮਾਰ ਪਸ਼ੂਆਂ ਦਾ ਇਲਾਜ ਚੱਲ ਰਿਹਾ ਹੈ। ਵੱਖ-ਵੱਖ ਡਾਕਟਰੀ ਟੀਮਾਂ ਵੱਲੋਂ ਸਾਵਧਾਨੀਆਂ ਦੇ ਨਾਲ-ਨਾਲ ਇਲਾਜ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਉਨ੍ਹਾਂ ਦੱਸਿਆ ਕਿ ਮੱਝਾਂ ਦੀ ਗਿਣਤੀ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਗਾਵਾਂ ਦੀ ਸਥਿਤੀ ਜਿਉਂ ਦੀ ਤਿਉਂ ਹੈ। ਜਾਣਕਾਰੀ ਅਨੁਸਾਰ ਖਾਲਸਾ ਏਡ ਵੱਲੋਂ ਵੀ ਪਿੰਡ ਬੇਰ ਕਲਾਂ ਲਈ ਕਰੀਬ ਇੱਕ ਲੱਖ ਰੁਪਏ ਦੀਆਂ ਦਵਾਈਆਂ ਸਹਾਇਤਾ ਵੱਜੋਂ ਭੇਜੀਆਂ ਗਈਆਂ ਹਨ। ਇਸ ਤੋਂ ਇਲਾਵਾ ਪਿੰਡ ਵਾਸੀਆਂ ਵੱਲੋਂ ਐੱਸਡੀਐੱਮ ਪਾਇਲ ਨੂੰ ਨਾਇਬ ਤਹਿਸੀਲਦਾਰ ਰਾਹੀਂ ਮੰਗ ਪੱਤਰ ਸੌਂਪ ਕੇ ਪੰਜਾਬ ਸਰਕਾਰ ਤੋਂ ਪੀੜਤ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਪਸ਼ੂ ਪਾਲਣ ਵਿਭਾਗ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਪਰਮਦੀਪ ਸਿੰਘ ਵਾਲੀਆ ਨੇ ਆਖਿਆ ਕਿ ਅੱਜ ਦੇ 3 ਪਸ਼ੂਆਂ ਸਮੇਤ ਹੁਣ ਤੱਕ 70 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਸਥਿਤੀ ਤੇ ਲਗਭਗ ਕਾਬੂ ਪਾ ਲਿਆ ਹੈ। ਉਨ੍ਹਾਂ ਦੱਸਿਆ ਕਿ ਪੰਜ ਡਾਕਟਰੀ ਟੀਮਾਂ ਵਲੋਂ ਹਰ ਘਰ ਦੇ ਪਸ਼ੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਿਰਫ ਇਲਾਜ ਅਧੀਨ ਹੀ ਪਸ਼ੂ ਬਿਮਾਰ ਹਨ, ਪਰ ਸਾਵਧਾਨੀਆਂ ਰੱਖਣੀਆਂ ਬਹੁਤ ਜ਼ਰੂਰੀ ਹਨ।
ਬਰਸਾਤੀ ਮੌਸਮ ਵਿੱਚ ਫੈਲਦੀ ਹੈ ਮੂੰਹ-ਖੁਰ ਦੀ ਬਿਮਾਰੀ: ਮਾਹਿਰ
ਲੁਧਿਆਣਾ (ਸਤਵਿੰਦਰ ਬਸਰਾ): ਪਿਛਲੇ ਕੁਝ ਦਿਨਾਂ ਤੋਂ ਕਈ ਇਲਾਕਿਆਂ ਵਿੱਚ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਹੋਣ ਦੀਆਂ ਆਈਆਂ ਸੂਚਨਾਵਾਂ ਤੋਂ ਬਾਅਦ ਸਥਾਨਕ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਮਾਹਿਰ ਨੇ ਦੱਸਿਆ ਕਿ ਤਿੰਨ ਕਿਸਮਾਂ ਦੇ ਵਿਸ਼ਾਣੂ ਇਹ ਬਿਮਾਰੀ ਫੈਲਾਉਂਦੇ ਹਨ। ਬਰਸਾਤੀ ਮੌਸਤ ਵਿੱਚ ਇਹ ਬਿਮਾਰੀ ਪ੍ਰਚੰਡ ਰੂਪ ਦਿਖਾਉਂਦੀ ਹੈ। ਇਸ ਲਈ ਪਸ਼ੂ ਪਾਲਕਾਂ ਨੂੰ ਇਸ ਮੌਸਮ ਵਿੱਚ ਖਾਸ ਧਿਆਨ ਰੱਖਣਾ ਚਾਹੀਦਾ ਹੈ। ’ਵਰਸਿਟੀ ਦੇ ਵੈਟਰਨਰੀ ਮਾਇਕਰੋਬਾਇਓਲੋਜੀ ਵਿਭਾਗ ਦੀ ਮੁਖੀ ਡਾ. ਦੀਪਤੀ ਨਾਰੰਗ ਨੇ ਦੱਸਿਆ ਕਿ ਮੂੰਹ-ਖੁਰ ਦੀ ਬਿਮਾਰੀ ਪਸ਼ੂਆਂ ਵਿਚ ਵਿਸ਼ਾਣੂਆਂ ਦੀ ਲਾਗ ਵਾਲੀ ਬਿਮਾਰੀ ਹੈ ਜੋ ਕਿ ਇਕ ਪਸ਼ੂ ਤੋਂ ਦੂਜੇ ਪਸ਼ੂ ਤਕ ਬਹੁਤ ਤੇਜ਼ੀ ਨਾਲ ਫੈਲਦੀ ਹੈ।