ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਅਕਤੂਬਰ
ਤਾਜਪੁਰ ਰੋਡ ’ਤੇ ਟਿੱਬਾ ਰੋਡ ਦੇ ਵਿੱਚ ਨਗਰ ਨਿਗਮ ਬੁੱਢਾ ਦਰਿਆ ਉਪਰ ਤਿੰਨ ਪੁਲੀਆਂ ਬਣਾਉਣ ਜਾ ਰਿਹਾ ਹੈ। ਪੁਲੀਆਂ ਬਣਾਉਣ ਦੇ ਲਈ ਨਿਗਮ ਨੇ ਬਕਾਇਦਾ ਟੈਂਡਰ ਵੀ ਜਾਰੀ ਕਰ ਦਿੱਤੇ ਹਨ ਅਤੇ ਇਨ੍ਹਾਂ ਤਿੰਨਾਂ ਪੁਲੀਆਂ ’ਤੇ ਨਿਗਮ ਚਾਰ ਕਰੋੜ ਰੁਪਏ ਖਰਚ ਕਰੇਗਾ। ਟੈਂਡਰ ਕਾਰਵਾਈ ਖਤਮ ਹੁੰਦੇ ਹੀ ਨਿਗਮ ਵਰਕ ਆਰਡਰ ਜਾਰੀ ਕਰ ਦੇਵੇਗਾ। ਯੋਜਨਾ ਅਨੁਸਾਰ ਕੰਮ ਹੁੰਦਾ ਰਿਹਾ ਤਾਂ ਵਰਕ ਆਰਡਰ ਜਾਰੀ ਹੋਣ ਤੋਂ 8 ਮਹੀਨੇ ’ਚ ਤਿੰਨ ਪੁਲੀਆਂ ਦਾ ਕੰਮ ਸ਼ੁਰੂ ਹੋ ਜਾਵੇਗਾ। ਇਨ੍ਹਾਂ ਪੁਲੀਆਂ ਦੇ ਬਣਨ ਨਾਲ ਟਿੱਬਾ ਰੋਡ ਅਤੇ ਤਾਜਪੁਰ ਰੋਡ ’ਤੇ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਨਿਜ਼ਾਤ ਮਿਲ ਜਾਵੇਗੀ।
ਨਗਰ ਨਿਗਮ ਪਹਿਲੀ ਪੁਲੀ ਰਾਧਾ ਸਵਾਮੀ ਸਤਿਸੰਗ ਭਵਨ ਦੇ ਕੋਲ ਬਣਾਉਣ ਜਾ ਰਹੀ ਹੈ। ਹਾਲੇ ਸਤਿਸੰਗ ਭਵਨ ਦੇ ਅੱਗੇ ਇੱਕ ਪੁਰਾਣੀ ਪੁਲੀ ਹੈ। ਕਰੀਬ 8 ਫੁੱਟ ਚੌੜੀ ਇਹ ਪੁੱਲੀ ਹੁਣ ਹੋਰ ਚੌੜੀ ਕੀਤੀ ਜਾ ਰਹੀ ਹੈ। ਦੂਸਰੀ ਪੁੱਲੀ ਮਹਾਂਵੀਰ ਡਾਇੰਗ ਦੇ ਕੋਲ ਅਤੇ ਤੀਸਰੀ ਪੁਲੀ ਪ੍ਰੀਤ ਨਗਰ ਤੇ ਮਨਜੀਤ ਨਗਰ ਦੇ ਕੋਲ ਬਣਾਈ ਜਾਣੀ ਹੈ। ਇਹ ਪੁਲੀਆਂ ਬਣਨ ਨਾਲ ਹਲਕਾ ਪੂਰਬੀ ਦੇ ਵਾਰਡ ਨੰ, 11 ਤੋਂ 15 ਤੱਕ ਲੋਕਾਂ ਨੂੰ ਫਾਇਦਾ ਹੋਵੇਗਾ। ਇਨ੍ਹਾਂ ਪੁਲੀਆਂ ਦੇ ਬਣਨ ਨਾਲ ਟਿੱਬਾ ਰੋਡ ’ਤੇ ਲਾਉਣ ਵਾਲੇ ਟ੍ਰੈਫਿਕ ਜਾਮ ਤੋਂ ਨਿਜਾਤ ਮਿਲ ਜਾਵੇਗੀ।
ਇਸ ਤੋਂ ਇਲਾਵਾ ਦਰਿਆ ਦੇ ਦੂਸਰੇ ਕਿਨਾਰੇ ’ਤੇ ਵੀ ਨਗਰ ਨਿਗਮ ਸੜਕ ਬਣਾ ਰਿਹਾ ਹੈ। ਇਹ ਸੜਕ ਨੈਸ਼ਨਲ ਹਾਈਵੇਅ ਤੋਂ ਪ੍ਰੀਤ ਨਗਰ ਪੁੱਲ ਤੱਕ ਬਣਾਈ ਜਾਵੇਗੀ। ਇਸ ਸੜਕ ਦੇ ਸ਼ੁਰੂ ਹੋਣ ਨਾਲ ਵੀ ਤਾਜਪੁਰ ਰੋਡ ਅਤੇ ਟਿੱਬਾ ਰੋਡ ’ਤੇ ਟ੍ਰੈਫਿਕ ਘੱਟ ਹੋ ਜਾਵੇਗਾ, ਜਿਸ ਦਾ ਫਾਇਦਾ ਕਰੀਬ ਪੰਜ ਵਾਰਡਾਂ ਦੇ ਲੋਕਾਂ ਨੂੰ ਮਿਲੇਗਾ।