ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਸਤੰਬਰ
ਇਥੇ ਥਾਣਾ ਮੋਤੀ ਨਗਰ ਦੀ ਪੁਲੀਸ ਨੇ ਤਿੰਨ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਹੀਦ ਭਗਤ ਸਿੰਘ ਕਲੋਨੀ ਵਾਸੀ ਚੰਦਨ ਕੁਮਾਰ ਨੇ ਦੱਸਿਆ ਹੈ ਕਿ ਉਹ ਮਾਮੇ ਦੇ ਲੜਕੇ ਨੂੰ ਉਸਦੇ ਘਰ ਮਿਲਕੇ ਪੈਦਲ ਹੀ ਵਾਪਿਸ ਆਪਣੇ ਘਰ ਜਾ ਰਿਹਾ ਸੀ। ਉਹ ਸ਼ੇਰਪੁਰ ਚੌਕ ਤੋਂ ਸ਼ਹੀਦ ਭਗਤ ਸਿੰਘ ਕਲੋਨੀ ਵੱਲ ਰੇਲਵੇ ਸਟੇਸ਼ਨ ਦੇ ਨੇੜੇ ਪੁੱਜਿਆ ਤਾਂ ਪੈਦਲ ਆ ਰਹੇ ਚਾਰ ਨਾਮਲੂਮ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਤੇਜ਼ਧਾਰ ਹਥਿਆਰ ਦਿਖਾ ਕੇ ਉਸਦੀ ਜੇਬ ਵਿੱਚੋਂ ਮੋਬਾਈਲ ਫੋਨ ਅਤੇ 350 ਰੁਪਏ ਕੱਢ ਲਏ। ਪੁਲੀਸ ਵੱਲੋਂ ਦੀਪੂ ਕੁਮਾਰ, ਨੀਰਜ ਕੁਮਾਰ ਤੇ ਕਿਸ਼ਨ ਚੰਦ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਚੌਥੇ ਸਾਥੀ ਦੀ ਭਾਲ ਜਾਰੀ ਹੈ।