ਪੱਤਰ ਪ੍ਰੇਰਕ
ਰਾਏਕੋਟ, 6 ਜੁਲਾਈ
ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਪਾਰਲੀਮੈਂਟ ਮੈਂਬਰ ਡਾ. ਅਮਰ ਸਿੰਘ ਵੱਲੋਂ ਅੱਜ ਅਚਨਚੇਤ ਸਥਾਨਕ ਤਹਿਸੀਲ ਦਫ਼ਤਰ, ਸੇਵਾ ਕੇਂਦਰ, ਸਿਵਲ ਹਸਪਤਾਲ ਅਤੇ ਪਟਵਾਰਖਾਨਾ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਈ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਐਸਡੀਐਮ ਰਾਏਕੋਟ ਡਾ. ਹਿਮਾਂਸ਼ੂ ਗੁਪਤਾ, ਯੂਥ ਆਗੂ ਕਾਮਿਲ ਸਿੰਘ ਬੋਪਾਰਾਏ ਅਤੇ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਵੀ ਹਾਜ਼ਰ ਸਨ।
ਇਸ ਮੌਕੇ ਡਾ. ਅਮਰ ਸਿੰਘ ਨੇ ਕਿਹਾ ਕਿ ਹਲਕਾ ਰਾਏਕੋਟ ਦੇ ਲੋਕਾਂ ਨੇ ਉਨ੍ਹਾਂ ਐਮਪੀ ਬਣਾ ਕੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਜੇ ਕਿਸੇ ਸਰਕਾਰੀ ਦਫ਼ਤਰ ਵਿੱਚ ਲੋਕਾਂ ਨੂੰ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਨ੍ਹਾਂ ਦਾ ਹੱਲ ਕੀਤਾ ਜਾਵੇ। ਇਸ ਸਬੰਧੀ ਅੱਜ ਉਨ੍ਹਾਂ ਵੱਲੋਂ ਫ਼ਰਦ ਕੇਂਦਰ ਅਤੇ ਸੇਵਾ ਕੇਂਦਰ ਦੇ ਕਰਮਚਾਰੀਆਂ ਤੋਂ ਲੋਕਾਂ ਦੇ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਕਈ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਨਿਪਟਾਰਾ ਵੀ ਕਰਵਾਇਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਂਣੀ ਚਾਹੀਦੀ।
ਇਸ ਤੋਂ ਇਲਾਵਾ ਡਾ. ਅਮਰ ਸਿੰਘ ਵੱਲੋਂ ਸਿਵਲ ਹਸਪਤਾਲ ਰਾਏਕੋਟ ਦੀ ਚੈਕਿੰਗ ਵੀ ਕੀਤੀ ਗਈ, ਜਿੱਥੇ ਉਨ੍ਹਾਂ ਇਲਾਜ ਕਰਵਾਉਣ ਆਏ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ। ਡਾ. ਅਮਰ ਸਿੰਘ ਨੇ ਕਿਹਾ ਕਿ ਸਰਕਾਰੀ ਕੰਮਾਂ ’ਚ ਜੇ ਕੋਈ ਕੁਤਾਹੀ ਵਰਤਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਡਾ. ਅਰੁਣਦੀਪ ਸਿੰਘ, ਜਗਪ੍ਰੀਤ ਸਿੰਘ ਬੁੱਟਰ, ਬਲਜੀਤ ਸਿੰਘ ਹਲਵਾਰਾ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।