ਸਤਵਿੰਦਰ ਬਸਰਾ
ਲੁਧਿਆਣਾ, 5 ਜੂਨ
ਮਸ਼ੀਨੀ ਯੁੱਗ ਤੋਂ ਪਹਿਲਾਂ ਬਹੁਤੀਆਂ ਹੱਥ ਲਿਖਤਾਂ ਅਜੇ ਵੀ ਜਿਉਂ ਦੀਆਂ ਤਿਉਂ ਵੱਖ ਵੱਖ ਥਾਵਾਂ ’ਤੇ ਲੋਕਾਂ ਵੱਲੋਂ ਸਾਂਭੀਆਂ ਪਈਆਂ ਹਨ। ਅਜਿਹੀਆਂ ਹੀ 400 ਦੇ ਕਰੀਬ ਪੁਰਾਤਨ ਹੱਥ ਲਿਖਤਾਂ ਸਥਾਨਕ ਪੰਜਾਬੀ ਭਵਨ ਦੀ ਰੈਫਰੈਂਸ ਲਾਇਬ੍ਰੇਰੀ ਵਿੱਚ ਵੀ ਪਈਆਂ ਦੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਦਾ ਕੰਪਿਊਟੀਕਰਨ ਕਰਨ ਲਈ ਭਾਵੇਂ ਪਿਛਲੇ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ ਹੈ, ਪਰ ਕੋਵਿਡ ਮਹਾਮਾਰੀ ਅਤੇ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਨਾ ਹੋਣ ਕਰਕੇ ਇਹ ਕੰਮ ਕਾਫੀ ਪੱਛੜ ਗਿਆ। ਹੁਣ ਅਕਾਦਮੀ ਦੇ ਨਵੇਂ ਬਣੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਇਸ ਕੰਮ ਵਿੱਚ ਤੇਜ਼ੀ ਲਿਆਉਣ ਦਾ ਦਾਅਵਾ ਕੀਤਾ ਹੈ।
ਪੰਜਾਬੀ ਸਾਹਿਤ ਅਕਾਡਮੀ ਦੀ ਅਗਵਾਈ ਵਿੱਚ ਪੰਜਾਬੀ ਭਵਨ ਵਿਖੇ ਚਲਾਈ ਜਾ ਰਹੀ ਰੈਫਰੈਂਸ ਲਾਇਬ੍ਰੇਰੀ ਵਿੱਚ ਕਈ-ਕਈ ਸਾਲ ਪੁਰਾਣੀਆਂ ਪੰਜਾਬੀ ਅਤੇ ਹਿੰਦੀ ਦੀਆਂ ਹੱਥ ਲਿਖਤਾਂ ਪਈਆਂ ਹਨ। ਇਨ੍ਹਾਂ ਵਿੱਚ ਪ੍ਰੋ. ਅਮਰੀਕ ਸਿੰਘ ਸੰਘਾ ਵੱਲੋਂ ਭੇਟ ਕੀਤੀ ‘ਵਿਸ਼ਨੂੰ ਪਰਾਣ’, ‘ਰਮਾਇਣ’, ਚਤੁਰਦਾਸ ਦੀ ਲਿਖੀ ‘ਭਗਵਤ ਏਕਾਦਸ’, ‘ਸ੍ਰੀ ਗੁਰ ਬਿਲਾਸ’, ‘ਜਪ ਪਰਮਾਰਥੁ’ ਆਦਿ ਗ੍ਰੰਥ ਵੀ ਇਸ ਸੰਗ੍ਰਹਿ ਦਾ ਸ਼ਿੰਗਾਰ ਬਣੇ ਹੋਏ ਹਨ। ਇਨ੍ਹਾਂ ਲਿਖਤਾਂ ਵਿੱਚ ਕਾਲੀ ਅਤੇ ਲਾਲ ਰੰਗ ਦੀ ਸਿਆਹੀ ਵਰਤੀ ਗਈ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਵਿੱਚ ਅੱਖਰਾਂ ਦੀ ਕੋਈ ਕੱਟ-ਵੱਢ ਨਹੀਂ ਕੀਤੀ ਗਈ। ਇਹ ਸਾਰਾ ਖਜ਼ਾਨਾ ਲਾਇਬ੍ਰੇਰੀ ਦੇ ਸਾਬਕਾ ਡਾਇਰੈਕਟਰ ਪ੍ਰਿੰ. ਪ੍ਰੇਮ ਸਿੰਘ ਬਜਾਜ ਨੇ ਆਪਣੀ ਕੋਸ਼ਿਸ਼ ਨਾਲ ਇਕੱਠਾ ਕੀਤਾ ਸੀ। ਇਸ ਅਮੁੱਲ ਭੰਡਾਰ ਨੂੰ ਲੰਬੇ ਸਮੇਂ ਤੱਕ ਸਾਂਭਣ ਲਈ ਅਕਾਡਮੀ ਵੱਲੋਂ ਇਸ ਦਾ ਕੰਪਿਊਟਰੀਕਰਨ ਕਰਵਾਉਣਾ ਸ਼ੁਰੂ ਕੀਤਾ ਹੋਇਆ ਹੈ। ਸ੍ਰੀ ਬਜਾਜ ਦਾ ਦੇਹਾਂਤ ਹੋਣ ਅਤੇ ਕੋਵਿਡ ਮਹਾਮਾਰੀ ਕਰਕੇ ਇਹ ਕੰਮ ਕਰੀਬ ਦੋ-ਢਾਈ ਸਾਲ ਪਿੱਛੇ ਪੈ ਗਿਆ ਹੈ, ਪਰ ਹੁਣ ਅਕਾਦਮੀ ਦੀਆਂ ਚਾਰ ਸਾਲ ਬਾਅਦ ਚੋਣਾਂ ਵਿੱਚੋਂ ਜੇਤੂ ਰਹੀ ਨਵੀਂ ਪ੍ਰਬੰਧਕੀ ਟੀਮ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ ਅਤੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਹਨ। ਅਕਾਦਮੀ ਦੇ ਪ੍ਰਧਾਨ ਡਾ. ਜੌਹਲ ਨੇ ਵੀ ਮੰਨਿਆਂ ਕਿ ਉਕਤ ਹੱਥ ਲਿਖਤਾਂ ਦਾ ਕੰਪਿਊਟਰੀਕਰਨ ਕਰਨ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਂਦੇ ਦਿਨਾਂ ਵਿੱਚ ਇਸ ਕੰਮ ’ਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਅਜਿਹਾ ਹੋਣ ਨਾਲ ਇਹ ਅਮੁੱਲ ਖਜ਼ਾਨਾ ਦੂਰ-ਦੁਰਾਡੀਆਂ ਥਾਵਾਂ ’ਤੇ ਬੈਠੇ ਖੋਜਾਰਥੀਆਂ ਦੀ ਪਹੁੰਚ ਵਿੱਚ ਹੋ ਜਾਵੇਗਾ ਅਤੇ ਉਹ ਹੋਰ ਵਧੀਆ ਖੋਜਾਂ ਕਰ ਸਕਣਗੇ।