ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਦਸੰਬਰ
ਲੁਧਿਆਣਾ ਦੀ ਜਿਸ ਅਦਾਲਤ ਵਿੱਚ ਅੱਜ ਬੰਬ ਧਮਾਕਾ ਹੋਇਆ, ਉਸ 7 ਮੰਜ਼ਿਲਾਂ ਅਦਾਲਤ ’ਚ ਦਾਖਲ ਹੋਣ ਦੇ ਕਈ ਰਸਤੇ ਹਨ, ਪਰ ਜਾਂਚ ਇੱਕ ਵੀ ਥਾਂ ’ਤੇ ਨਹੀਂ ਹੁੰਦੀ, ਦੋ ਥਾਵਾਂ ’ਤੇ ਮੈਟਲ ਡਿਟੈਕਟਰ ਲੱਗੇ ਉਹ ਡੈੱਡ ਪਏ ਹਨ। ਇੰਨਾ ਹੀ ਨਹੀਂ ਸੀਸੀਟੀਵੀ ਕੈਮਰੇ ਵੀ ਸਹੀ ਤਰੀਕੇ ਦੇ ਨਾਲ ਨਹੀਂ ਚਲਦੇ। ਸੁਰੱਖਿਆ ਦੇ ਨਾਂ ’ਤੇ ਮੁਲਾਜ਼ਮ ਕਿਸੇ ਨਾ ਕਿਸੇ ਕੋਨੇ ਵਿੱਚ ਕੁਰਸੀ ਲੈ ਕੇ ਬੈਠੇ ਰਹਿੰਦੇ ਹਨ। ਅਦਾਲਤੀ ਕੰਪਲੈਕਸ ਦੀਆਂ 7 ਮੰਜ਼ਿਲਾਂ ਹਨ, ਜਿਸ ਵਿੱਚ 900 ਦੇ ਕਰੀਬ ਵਕੀਲਾਂ ਦੇ ਚੈਂਬਰ ਬਣੇ ਹੋਏ ਹਨ। ਅਦਾਲਤ ਵਿੱਚ ਰੋਜ਼ਾਨਾ 10 ਹਜ਼ਾਰ ਤੋਂ ਵੱਧ ਲੋਕਾਂ ਦਾ ਆਉਣਾ ਜਾਣਾ ਹੈ, ਕੰਪਲੈਕਸ ’ਚ ਜਾਣ ਲਈ 12 ਦਰਵਾਜ਼ੇ ਹਨ। ਇਨ੍ਹਾਂ ’ਚੋਂ 2 ’ਤੇ ਹੀ ਮੈਟਲ ਡਿਟੈਕਟਰ ਹੈ ਤੇ ਉਹ ਵੀ ਚੱਲਦੇ ਨਹੀਂ ਹਨ। ਅਦਾਲਤ ਵਿੱਚ 62 ਅਦਾਲਤਾਂ ਹਨ, ਜਿੱਥੇ ਜੱਜ ਤੇ ਉਨ੍ਹਾਂ ਦਾ ਸਾਰਾ ਸਟਾਫ਼ ਹਮੇਸ਼ਾ ਹੀ ਬੈਠਾ ਰਹਿੰਦਾ ਹੈ। ਜਿਸ ਸਮੇਂ ਇਹ ਬੰਬ ਧਮਾਕਾ ਹੋਇਆ, ਉਸ ਵੇਲੇ ਵੀ ਅਦਾਲਤਾਂ ਵਿੱਚ ਜੱਜ ਆਪਣੀ ਰੋਜ਼ਾਨਾ ਦਾ ਕੰਮ ਕਰ ਰਹੇ ਸਨ। ਖੁਸ਼ਕਿਸਮਤੀ ਰਹੀ ਕਿ ਵੀਰਵਾਰ ਨੂੰ ਧਮਾਕੇ ਦੇ ਸਮੇਂ ਲੋਕਾਂ ਦੀ ਗਿਣਤੀ ਘੱਟ ਸੀ, ਕਿਉਂਕਿ ਪੰਜਾਬ ’ਚ ਸਰਕਾਰੀ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ ਚੱਲ ਰਹੀ ਹੈ। ਅਦਾਲਤ ਵਿੱਚ ਭੀੜ ਜ਼ਿਆਦਾ ਰਹਿੰਦੀ ਹੈ ਤੇ ਚੈਕਿੰਗ ਦਾ ਵੀ ਖਾਸ ਪ੍ਰਬੰਧ ਨਹੀ ਹੁੰਦਾ ਹੈ।
ਅਦਾਲਤ ਦੇ ਪਿੱਛੇ ਹੀ ਕੈਬਨਿਟ ਮੰਤਰੀ ਦਾ ਘਰ
ਅਦਾਲਤੀ ਕੰਪਲੈਕਸ ਦੇ ਪਿੱਛੇ ਹੀ ਮਾਡਲ ਗ੍ਰਾਮ ਵਿੱਚ ਕੈਬਨਿਟ ਮੰਤਰੀ ਭਾਰਤ ਭੂਸਣ ਆਸ਼ੂ ਦਾ ਘਰ ਹੈ। ਜਿਸ ਮੰਜ਼ਿਲ ’ਤੇ ਬੰਬ ਧਮਾਕਾ ਹੋਇਆ ਹੈ, ਉਥੇਂ ਕਾਫ਼ੀ ਚਹਿਲ ਪਹਿਲ ਰਹਿੰਦੀ ਹੈ। ਇੱਥੇ ਚਾਰ ਅਦਾਲਤਾਂ ਹਨ। ਇਸ ਮੰਜ਼ਿਲ ’ਤੇ ਹੀ ਵੱਡੀ ਗਿਣਤੀ ’ਚ ਵਕੀਲਾਂ ਦੇ ਕਮਰੇ ਹਨ।
ਕਾਫ਼ੀ ਸ਼ਕਤੀਸ਼ਾਲੀ ਸੀ ਧਮਾਕਾ
ਲੁਧਿਆਣਾ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਹ ਕਾਫ਼ੀ ਵੱਡਾ ਧਮਾਕਾ ਸੀ। ਇੱਕ ਵਿਅਕਤੀ ਦੀ ਲਾਸ਼ ਦੇ ਚੀਥੜੇ ਉਡ ਗਏ ਸਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਮੰਤਰੀ ਆਸ਼ੂ ਮੁੱਖ ਮੰਤਰੀ ਚੰਨੀ ਦੇ ਨਾਲ ਡੀਐੱਮਸੀ ਹਸਪਤਾਲ ਵਿੱਚ ਮਰੀਜ਼ਾਂ ਦਾ ਹਾਲ ਜਾਣਨ ਵੀ ਪੁੱਜੇ।
ਲੁਧਿਆਣਾ ਵਿੱਚ ਧਾਰਾ 144 ਲਗਾਈ
ਬੰਬ ਧਮਾਕੇ ਤੋਂ ਬਾਅਦ ਲੁਧਿਆਣਾ ਵਿੱਚ ਦੇਰ ਸ਼ਾਮ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸ਼ਹਿਰ ਵਿੱਚ ਧਾਰਾ 144 ਲਗਾ ਦਿੱਤੀ। ਡੀਸੀ ਨੇ ਹੁਕਮ ਜਾਰੀ ਕਰ 13 ਜਨਵਰੀ ਤੱਕ ਸ਼ਹਿਰ ਵਿੱਚ 144 ਧਾਰਾ ਲਗਾ ਦਿੱਤੀ ਹੈ।