ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਜੂਨ
ਇੱਥੇ ਵੱਖ-ਵੱਖ ਇਲਾਕਿਆਂ ਵਿੱਚ ਅਣਪਛਾਤੇ ਵਿਅਕਤੀ ਇਕ ਛੋਟਾ ਹਾਥੀ ਅਤੇ ਐਕਟਿਵਾ ਸਕੂਟਰ ਸਮੇਤ ਦੋ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਹਨ। ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਨੂੰ ਨਿਊ ਸ਼ਿਮਲਾ ਕਲੋਨੀ ਕਾਕੋਵਾਲ ਰੋਡ ਵਾਸੀ ਗੌਰਵ ਕੁਮਾਰ ਨੇ ਦੱਸਿਆ ਕਿ ਉਸ ਦਾ ਛੋਟਾ ਹਾਥੀ ਘਰ ਬਾਹਰੋਂ ਚੋਰੀ ਹੋ ਗਿਆ ਹੈ। ਇਸੇ ਤਰ੍ਹਾਂ ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਗਰੇਨ ਮਾਰਕੀਟ ਸਾਹਨੇਵਾਲ ਪਿੱਛੇ ਰਹਿੰਦੇ ਵਿਮਲ ਕੁਮਾਰ ਨੇ ਦੱਸਿਆ ਹੈ ਕਿ ਉਸ ਦਾ ਐਕਟਿਵਾ ਸਕੂਟਰ ਘਰ ਦੇ ਬਾਹਰੋਂ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਏ ਹਨ। ਥਾਣਾ ਦੁੱਗਰੀ ਦੀ ਪੁਲੀਸ ਨੂੰ ਜੋਸ਼ੀ ਨਗਰ ਹੈਬੋਵਾਲ ਵਾਸੀ ਮਹਿੰਦਰਪਾਲ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ ਸ਼ਹੀਦ ਭਗਤ ਸਿੰਘ ਨਗਰ ਸਥਿਤ ਬਲਵਿੰਦਰ ਐਂਡ ਐਸੋਸੀਏਟ ਦੇ ਦਫ਼ਤਰ ਬਾਹਰੋਂ ਚੋਰੀ ਹੋ ਗਿਆ ਹੈ। ਇਸੇ ਤਰ੍ਹਾਂ ਜਨਤਾ ਨਗਰ ਵਾਸੀ ਗੁਰਦੀਪ ਸਿੰਘ ਦਾ ਮੋਟਰਸਾਈਕਲ ਗੁਰੂ ਨਾਨਕ ਖ਼ਾਲਸਾ ਕਾਲਜ ਗੁਜਰਾਂਵਾਲਾ ਸਿਵਲ ਲਾਈਨ ਦੀ ਪਾਰਕਿੰਗ ਵਿੱਚੋਂ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਹਨ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਮਿਹਰਬਾਨ ਦੇ ਇਲਾਕੇ ਵਿੱਚ ਸਥਿਤ ਇਕ ਟਾਇਰਾਂ ਦੀ ਦੁਕਾਨ ਵਿੱਚੋਂ ਅਣਪਛਾਤੇ ਵਿਅਕਤੀ ਟਾਇਰ ਚੋਰੀ ਕਰ ਕੇ ਲੈ ਗਏ ਹਨ। ਪ੍ਰੇਮ ਕਲੋਨੀ ਵਾਸੀ ਮਨਜੀਤ ਕੁਮਾਰ ਨੇ ਦੱਸਿਆ ਕਿ ਉਸ ਦੀ ਪ੍ਰੇਮ ਕਲੋਨੀ ਰੋਡ ’ਤੇ ਵਿਸ਼ਵਕਰਮਾ ਟਾਇਰ ਨਾਮ ਦੀ ਦੁਕਾਨ ਹੈ ਤੇ ਉਹ ਰਾਤ ਨੂੰ ਦੁਕਾਨ ਬੰਦ ਕਰ ਕੇ ਘਰ ਗਿਆ ਸੀ। ਸਵੇਰੇ ਜਦੋਂ ਉਹ ਦੁਕਾਨ ’ਤੇ ਆਇਆ ਤਾਂ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਅੰਦਰ ਸਾਮਾਨ ਖਿੱਲਰਿਆ ਪਿਆ ਸੀ। ਉਸ ਨੇ ਸਾਮਾਨ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਅਣਪਛਾਤੇ ਵਿਅਕਤੀ ਦੁਕਾਨ ਵਿੱਚੋਂ ਦੁਪਹੀਆ ਅਤੇ ਚਾਰਪਹੀਆ ਵਾਹਨਾਂ ਦੇ ਕਈ ਟਾਇਰ ਚੋਰੀ ਕਰਕੇ ਲੈ ਗਏ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।