ਨਿੱਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਅਗਸਤ
ਜੱਪਪ੍ਰਭ ਕ੍ਰੀਏਸ਼ਨਜ਼ ਦੇ ਬੈਨਰ ਹੇਠ ਮੁਟਿਆਰਾਂ ਵੱਲੋਂ ਤੀਆਂ ਦਾ ਤਿਉਹਾਰ ਸੋਨਾ ਖੁਰਾਣਾ ਦੀ ਦੇਖਰੇਖ ਹੇਠ ਕਰਵਾਇਆ ਗਿਆ। ਇਸ ਦੌਰਾਨ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਮੁਟਿਆਰਾਂ ਵੱਲੋਂ ਗਿੱਧਾ, ਭੰਗੜਾ ਤੇ ਬੋਲੀਆਂ ਪਾ ਕੇ ਖੁਸ਼ੀਆਂ ਮਨਾਈਆਂ ਗਈਆਂ। ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਵਿਰਸੇ ਨਾਲ ਸਬੰਧਤ ਪੁੱਛੇ ਗਏ ਸਵਾਲਾਂ ਦੇ ਸਹੀ ਜਵਾਬ ਦੇਣ ਵਾਲੀਆਂ ਮੁਟਿਆਰਾਂ ਦਾ ਸਨਮਾਨ ਕੀਤਾ ਗਿਆ।
ਸਟੇਜ ਦਾ ਸੰਚਾਲਨ ਹਰਮਨਜੋਤ ਕੌਰ ਤੇ ਅਮਨਦੀਪ ਕੌਰ ਵੱਲੋਂ ਬਾਖੂਬੀ ਨਿਭਾਇਆ ਗਿਆ ਜਦਕਿ ਜਤਿੰਦਰ ਕੌਰ, ਅਮਨਦੀਪ ਕੌਰ ਅਰੋੜਾ, ਸ਼ਰਨਜੀਤ ਕੌਰ, ਜਗਜੀਤ ਕੌਰ ਮੋਨਾ ਅਤੇ ਹੋਰਨਾਂ ਮੁਟਿਆਰਾਂ ਨੇ ਪੰਜਾਬੀ ਗੀਤਾਂ ਤੇ ਗਿੱਧਾ ਭੰਗੜਾ ਪਾ ਕੇ ਖੂਬ ਵਾਹ-ਵਾਹ ਖੱਟੀ। ਜੱਜ ਦੀ ਭੂਮਿਕਾ ਨਿਭਾਅ ਰਹੀਆਂ ਕਮਲਪ੍ਰੀਤ ਕੌਰ, ਦੀਪਤੀ ਜੈਨ ਅਤੇ ਜਗਜੋਤ ਗੁਪਤਾ ਵੱਲੋਂ ਗੁਰਦੀਪ ਕੌਰ ਨੂੰ ਮਿਸ ਤੀਜ ਚੁਣਿਆ ਗਿਆ, ਜਦਕਿ ਹਰਮਨਜੋਤ ਕੌਰ ਫਸਟ, ਸ਼ਰਨਜੀਤ ਕੌਰ ਸੈਕਿੰਡ ਅਤੇ ਹਰਪ੍ਰੀਤ ਕੌਰ ਨੂੰ ਥਰਡ ਰਨਰਅੱਪ ਐਲਾਨਿਆ ਗਿਆ। ਇਸ ਮੌਕੇ ਸੋਨਾ ਖੁਰਾਣਾ ਨੇ ਕਿਹਾ ਕਿ ਅੱਜ ਦੀ ਨਾਰੀ ਜਿੱਥੇ ਹਰ ਖੇਤਰ ਵਿੱਚ ਵਾਹ-ਵਾਹ ਖੱਟ ਰਹੀ ਹੈ ਉੱਥੇ ਪੰਜਾਬੀ ਵਿਰਸੇ ਨਾਲ ਜੁੜਕੇ ਦੇਸ਼ ਹੀ ਨਹੀ ਸਗੋਂ ਵਿਦੇਸ਼ ਵਿੱਚ ਵੀ ਇਸ ਨੂੰ ਮੁੜ ਤੋਂ ਸੁਰਜੀਤ ਕਰ ਰਹੀ ਹੈ।
ਇਸੇ ਦੌਰਾਨ ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ‘ਕਿੰਡਰਗਾਰਡਨ’ ਦੇ ਬੱਚਿਆਂ ਨੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਤੀਜ ਦਾ ਤਿਉਹਾਰ ਮਨਾਇਆ। ਪੰਜਾਬੀ ਪਹਿਰਾਵੇ ਵਿੱਚ ਸਜੇ ਬੱਚਿਆਂ ਦੇ ਮਨੋਰੰਜਨ ਲਈ ‘ਸਾਵਨ ਝੂਲਾ’ ਅਤੇ ਸੈਲਫੀ ਕਾਰਨਰ ਖਿੱਚ ਦਾ ਕੇਂਦਰ ਰਹੇ। ਨੰਨ੍ਹੇ ਬੱਚਿਆਂ ਨੇ ਗਿੱਧੇ ਤੇ ਭੰਗੜੇ ਦੀਆਂ ਪੇਸ਼ਕਾਰੀਆਂ ਰਾਹੀਂ ਸਾਰਿਆਂ ਦਾ ਮਨ ਮੋਹ ਲਿਆ। ਸਾਵਨ ਪ੍ਰਿੰਸ, ਸਾਵਨ ਪ੍ਰਿੰਸਸ, ਪੰਜਾਬੀ ਗੱਭਰੂ, ਪੰਜਾਬੀ ਮੁਟਿਆਰ, ਸਾਵਨ ਕਿੰਗ ਅਤੇ ਸਾਵਨ ਕਵੀਨ ਦੀ ਚੋਣ ਕੀਤੀ ਗਈ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਵੀ ਮੌਜੂਦ ਸਨ।
ਮਾਛੀਵਾੜਾ (ਪੱਤਰ ਪ੍ਰੇਰਕ): ਪ੍ਰਾਚੀਨ ਸ਼ਿਵਾਲਾ ਬ੍ਰਹਮਚਾਰੀ ਮੰਦਰ ਵਿੱਚ ਹਰਿਆਲੀ ਤੀਜ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਾਰੀ ਗਿਣਤੀ ’ਚ ਲੜਕੀਆਂ ਵੱਲੋਂ ਵਰਤ ਰੱਖਿਆ ਗਿਆ ਅਤੇ ਵਿਆਹੀਆਂ ਔਰਤਾਂ ਵਲੋਂ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕੀਤੀ ਗਈ। ਇਸ ਮੌਕੇ ਮੀਨਾ ਰਾਣੀ, ਰਾਜਵਿੰਦਰ ਕੌਰ, ਕਾਮਨੀ ਜੈਨ, ਨਿਸ਼ਾ ਆਦਿ ਮੌਜੂਦ ਸਨ।
ਰਾਏਕੋਟ (ਨਿੱਜੀ ਪੱਤਰ ਪ੍ਰੇਰਕ): ਸੋਭਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੋਂਦਵਾਲ ਦੀਆ ਵਿਦਿਆਰਥਣਾਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਰਵਾਇਤੀ ਪੁਸ਼ਾਕਾਂ ਵਿੱਚ ਸੱਜ-ਧੱਜ ਕੇ ਆਈਆਂ ਵਿਦਿਆਰਥਣਾਂ ਨੇ ਪੁਰਾਤਨ ਗੀਤ, ਬੋਲੀਆਂ ਅਤੇ ਗਿੱਧੇ ਦਾ ਪ੍ਰੋਗਰਾਮ ਪੇਸ਼ ਕੀਤਾ। ਵੱਖ-ਵੱਖ ਵੰਨਗੀਆਂ ਦੇ ਮੁਕਾਬਲਿਆਂ ਵਿੱਚ ਸਿਮਰਨ ਕੌਰ ਮਿਸ ਤੀਜ, ਜੋਤਪ੍ਰੀਤ ਕੌਰ ਅੜਬ ਮੁਟਿਆਰ, ਅਵਰੀਤ ਕੌਰ ਸੋਹਣੀ ਮੁਟਿਆਰ ਅਤੇ ਨਵਰੂਪ ਕੌਰ ਗਿੱਧਿਆਂ ਦੀ ਰਾਣੀ ਚੁਣੀ ਗਈ। ਪ੍ਰਿੰਸੀਪਲ ਕਵਿਤਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੁੜਨ ਲਈ ਪ੍ਰੇਰਿਆ।
ਚੋਮੋਂ ਸਕੂਲ ਵਿੱਚ ਮਹਿੰਦੀ ਦੇ ਮੁਕਾਬਲੇ ਕਰਵਾਏ
ਪਾਇਲ (ਦੇਵਿੰਦਰ ਸਿੰਘ ਜੱਗੀ): ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ ਦੇ ਸਮੂਹ ਸਟਾਫ ਅਤੇ ਬੱਚਿਆਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪ੍ਰੋਗਰਾਮ ਦੀ ਸੁਰੂਆਤ ‘ਨੀ ਤੀਆਂ ਵਿੱਚ ਆਜਾ ਹਾਨਣੇ, ਨਾਲ ਸਖੀਆਂ ਦੇ ਰੁੱਤ ਇਹ ਸੁਹਾਂਦੀ’ ਬੋਲੀ ਪਾ ਕੇ ਕੀਤੀ ਗਈ। ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਲੋਕ ਗੀਤ, ਸਿੱਠਣੀਆਂ, ਗਿੱਧਾ, ਭੰਗੜਾ ਤੇ ਕੋਰਿਓਗ੍ਰਾਫੀ ਪੇਸ਼ ਕੀਤੀ ਗਈ ਅਤੇ ਮਹਿੰਦੀ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ ਗਗਨਦੀਪ ਕੌਰ ਨੇ ਪਹਿਲਾ ਸਥਾਨ, ਜਸ਼ਨਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਬਿਮਲਜੋਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਸੰਜੀਵ ਕੁਮਾਰ ਮੋਦਗਿੱਲ ਨੇ ਤੀਆਂ ਦੇ ਪਿਛੋਕੜ ਬਾਰੇ ਚਾਨਣਾ ਪਾਇਆ। ਸਟੇਜ ਸੰਚਾਲਨ ਜਸਕਿਰਨ ਕੌਰ, ਜਪਜੀਤ ਕੌਰ ਅਤੇ ਤਰਨਜੋਤ ਕੌਰ ਨੇ ਕੀਤਾ। ਇਸ ਮੌਕੇ ਕਰਮਦੀਪ ਕੌਰ, ਜਸਵੀਰ ਕੌਰ, ਹਰਵਿੰਦਰ ਕੌਰ, ਬਲਦੀਪ ਕੌਰ, ਹਰਪ੍ਰੀਤ ਕੌਰ, ਰਣਜੀਤ ਕੌਰ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਹਿਮਾਂਸ਼ੂ ਸਿੰਗਲਾ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।