ਜਗਰਾਉਂ: ਅੱਜ ਇੱਥੇ ਅਨਾਰਕਲੀ ਬਜ਼ਾਰ ’ਚ ਇੱਕ ਨੌਜਵਾਨ ਨੂੰ ਲੁਟੇਰੇ ਨੂੰ ਫੜਨ ਸਮੇਂ ਦਿਲ ਦਾ ਦੌਰਾ ਪੈ ਗਿਆ। ਜਦੋਂ ਇਲਾਜ ਲਈ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਬਾਜ਼ਾਰ ’ਚੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਨਾਰਕਲੀ ਬਾਜ਼ਾਰ ’ਚ ‘ਸ਼ਾਂਤੀ ਜਿਊਲਰਜ਼’ ਦੁਕਾਨ ਦੇ ਗਲੀ ’ਚ ਜਾ ਰਹੀ ਇੱਕ ਔਰਤ ਤੋਂ ਲੁਟੇਰੇ ਪਰਸ ਖੋਹ ਕੇ ਭੱਜ ਗਏ। ਔਰਤ ਜਦੋਂ ਰੌਲਾ ਪਾਉਣ ਲੱਗੀ ਤਾਂ ਦੁਕਾਨ ਦਾ ਮਾਲਕ ਹਰਮਿੰਦਰ ਸਿੰਘ ਉਰਫ ਰਿੰਕੂ, ਵਾਸੀ ਕੱਚਾ ਮਲਕ ਰੋਡ ਜਗਰਾਉਂ ਉਠ ਕੇ ਲੁਟੇਰੇ ਨੂੰ ਫੜਨ ਲਈ ਉਸ ਦੇ ਪਿੱਛੇ ਭੱਜ ਪਿਆ। ਥੋੜੀ ਦੂਰ ਜਾ ਕੇ ਉਸ ਨੂੰ ਸਾਹ ਚੜ੍ਹ ਗਿਆ ਤੇ ਦਿਲ ਦਾ ਦੌਰਾ ਪੈਣ ਕਾਰਨ ਉਹ ਉੱਥੇ ਹੀ ਡਿੱਗ ਪਿਆ। ਰੌਲਾ ਸੁਣ ਇੱਕਠੇ ਹੋਏ ਲੋਕਾਂ ਨੇ ਉਸ ਨੂੰ ਚੁੱਕਿਆ ਅਤੇ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ’ਚ ਲੈ ਗਏ, ਜਿਥੇ ਡਾਕਟਰ ਨੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣੇ ਲੈ ਜਾਣ ਲਈ ਆਖਿਆ, ਪਰ ਲੁਧਿਆਣੇ ਜਾਂਦੇ ਸਮੇਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। -ਪੱਤਰ ਪ੍ਰੇਰਕ