ਨਿੱਜੀ ਪੱਤਰ ਪ੍ਰੇਰਕ
ਖੰਨਾ, 14 ਸਤੰਬਰ
ਪੈਰਾਗ੍ਰੀਨ ਗਾਰਡਿੰਗ ਪ੍ਰਾਈਵੇਟ ਲਿਮਟਿਡ ਦਾਊਦਪੁਰ ਅਤੇ ਨਿਊ ਏਰਾ ਮਸ਼ੀਨਜ਼ ਦੇ ਵਰਕਰਾਂ ਵੱਲੋਂ ਅੱਜ ਇੱਥੋਂ ਦੇ ਲੇਬਰ ਦਫ਼ਤਰ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਰਜਿੰਦਰ ਸਿੰਘ ਨੇ ਕਿਹਾ ਕਿ ਦੋਵੇਂ ਕੰਪਨੀਆਂ ਵੱਲੋਂ ਗੈਰਕਾਨੂੰਨੀ ਤੌਰ ’ਤੇ ਵਰਕਰਾਂ ਨੂੰ ਕੰਮ ਤੋਂ ਹਟਾਇਆ ਗਿਆ ਹੈ। ਵਰਕਰ ਲੇਬਰ ਦਫ਼ਤਰ ਵਿੱਚ ਲਾਈਆਂ ਦਰਖਾਸਤਾਂ ’ਤੇ ਹਰ ਆਪਣਾ ਪੱਖ ਰੱਖਣ ਲਈ ਸ਼ਾਮਲ ਹੁੰਦੇ ਹਨ ਪਰ ਮੈਨੇਜਮੈਂਟ ਦਾ ਕੋਈ ਅਧਿਕਾਰੀ ਮੀਟਿੰਗ ’ਤੇ ਨਹੀਂ ਆਉਂਦਾ। ਇਸ ਵਾਰ ਦੀ ਮੀਟਿੰਗ ਵਿਚ ਲੇਬਰ ਇੰਸਪੈਕਟਰ ਰਮਨਦੀਪ ਸ਼ਰਮਾ ਦੀ ਗੈਰ ਹਾਜ਼ਰੀ ਕਾਰਨ ਵਰਕਰਾਂ ਵਿਚ ਰੋਸ ਪਾਇਆ ਹੈ, ਇਸ ਖੱਜਲ ਖੁਆਰੀ ਤੋਂ ਪ੍ਰੇਸ਼ਾਨ ਵਰਕਰਾਂ ਨੇ ਦਫ਼ਤਰ ਅੱਗੇ ਧਰਨਾ ਲਾਉਂਦਿਆਂ ਚਿਤਾਵਨੀ ਦਿੱਤੀ ਕਿ ਅੱਗੇ ਤੋਂ ਅਜਿਹੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ ਨੇ ਕਿਹਾ ਕਿ ਜੇਕਰ ਵਰਕਰਾਂ ਨੂੰ ਜਲਦੀ ਇਨਸਾਫ ਨਾ ਮਿਲਿਆ ਤਾਂ ਜੱਥੇਬੰਦੀ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮੇਵਾ ਸਿੰਘ, ਬੇਅੰਤ ਸਿੰਘ, ਬਲਜੀਤ ਸਿੰਘ, ਰਮਨਦੀਪ ਸਿੰਘ, ਗੁਰਦੀਪ ਸਿੰਘ, ਤਜਿੰਦਰ ਸ਼ਰਮਾ ਅਤੇ ਨਵਾਬ ਖਾਨ ਹਾਜ਼ਰ ਸਨ।