ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਅਕਤੂਬਰ
ਸੀਆਈਏ-3 ਦੀ ਪੁਲੀਸ ਨੇ ਇੱਕ ਮਹਿਲਾ ਸਣੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਕੁਇੰਟਲ ਭੁੱਕੀ ਬਰਾਮਦ ਕੀਤੀ ਹੈ। ਪੁਲੀਸ ਨੇ ਇਸ ਮਾਮਲੇ ’ਚ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਸੰਤ ਕਬੀਰ ਨਗਰ ਸਥਿਤ ਪਿੰਡ ਉਤਰਾਵਲ ਵਾਸੀ ਹੀਰਾ ਭਾਰਦਵਾਜ ਤੇ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਅੰਬੇਦਕਰ ਨਗਰ ਸਥਿਤ ਪਿੰਡ ਤਾਜਪੁਰ ਵਾਸੀ ਗੀਤਾ ਵਰਮਾ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਇੱਕ ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੀਆਈਏ-3 ਦੀ ਟੀਮ ਨੂੰ ਮੋਤੀ ਨਗਰ ਇਲਾਕੇ ’ਚ ਗਸ਼ਤ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੋਤੀ ਨਗਰ ਕੋਲ ਸਥਿਤ ਟ੍ਰਾਂਸਪੋਰਟ ਨਗਰ ਦੇ ਰਹਿਣ ਵਾਲੇ ਦੋ ਜਣੇ ਨਸ਼ਾ ਤਸਕਰੀ ਦਾ ਧੰਦਾ ਕਰਦੇ ਹਨ। ਮੁਲਜ਼ਮ ਬਾਹਰੀ ਸੂਬਿਆਂ ’ਚੋਂ ਭੁੱਕੀ ਲਿਆ ਕੇ ਸ਼ਹਿਰ ’ਚ ਸਪਲਾਈ ਕਰਦੇ ਹਨ। ਮੁਲਜ਼ਮਾਂ ਨੇ ਨਸ਼ਾ ਸਟਾਕ ਕਰਨ ਲਈ ਇੱਕ ਕਮਰਾ ਬਕਾਇਦਾ ਕਿਰਾਏ ’ਤੇ ਲੈ ਰੱਖਿਆ ਹੈ। ਪੁਲੀਸ ਨੇ ਛਾਪਾ ਮਾਰ ਕੇ ਦੋਵਾਂ ਮੁਲਜ਼ਮਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ। ਪੁਲੀਸ ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਗੀਤਾ ਵਰਮਾ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ, ਜਿਸ ਮਗਰੋਂ ਉਹ ਗੁਜ਼ਾਰੇ ਲਈ ਮੁਲਜ਼ਮ ਨਾਲ ਮਿਲ ਕੇ ਨਸ਼ਾ ਤਸਕਰੀ ਦਾ ਧੰਦਾ ਕਰਨ ਲੱਗੀ।