ਆਵਾਜਾਈ ਦੀ ਸਮੱਸਿਆ ਵਧੀ; ਲੋਕਾਂ ਦਾ ਪੈਦਲ ਲੰਘਣਾ ਵੀ ਹੋਇਆ ਔਖਾ
ਸਤਵਿੰਦਰ ਬਸਰਾ
ਲੁਧਿਆਣਾ, 5 ਸਤੰਬਰ
ਸਨਅਤੀ ਸ਼ਹਿਰ ਲੁਧਿਆਣਾ ਪਹਿਲਾਂ ਹੀ ਟ੍ਰੈਫਿਕ ਦੀ ਸਮੱਸਿਆ ਕਰਕੇ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ। ਹੁਣ ਦੁਕਾਨਾਂ ਦੇ ਬਾਹਰ ਦੁਬਾਰਾ ਤੋਂ ਲੱਗਣੀਆਂ ਸ਼ੁਰੂ ਹੋਈਆਂ ਫੜੀਆਂ ਕਾਰਨ ਟਰੈਫਿਕ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਏਸੀਪੀ ਟ੍ਰੈਫਿਕ ਅਨੁਸਾਰ ਆਉਂਦੇ ਦਿਨਾਂ ਵਿੱਚ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।
ਲੁਧਿਆਣਾ ਦੀਆਂ ਸੜਕਾਂ ’ਤੇ ਵਧੀ ਟ੍ਰੈਫਿਕ ਕਾਰਨ ਆਏ ਦਿਨ ਹਾਦਸੇ ਹੋ ਰਹੇ ਹਨ। ਸ਼ਹਿਰ ਦੇ ਬਾਜ਼ਾਰਾਂ ਵਿੱਚ ਦੁਕਾਨਾਂ ਦੇ ਬਾਹਰ ਲੱਗਦੀਆਂ ਫੜ੍ਹੀਆਂ ਕਾਰਨ ਜਿੱਥੇ ਆਵਾਜਾਈ ਵਿੱਚ ਅੜਿੱਕਾ ਖੜ੍ਹਾ ਹੁੰਦਾ ਹੈ ਉੱਥੇ ਕਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਆਉਣ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ਿਲ੍ਹੇ ਦੇ ਪੁਰਾਣੇ ਪੁਲੀਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਵੱਲੋਂ ਦੁਕਾਨਾਂ ਦੇ ਅੱਗੇ ਫੜ੍ਹੀਆਂ ਲਗਵਾਉਣ ਵਾਲਿਆਂ ਵਿਰੁੱਧ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਸੀ ਤੇ ਕਈਆਂ ਵਿਰੁੱਧ ਮਾਮਲੇ ਵੀ ਦਰਜ ਕੀਤੇ ਗਏ ਸਨ। ਇਹੋ ਵਜ੍ਹਾ ਸੀ ਕਿ ਚੌੜਾ ਬਾਜ਼ਾਰ ਫੜ੍ਹੀਆਂ ਤੋਂ ਮੁਕਤ ਹੋ ਗਿਆ ਸੀ ਪਰ ਹੁਣ ਕੁਝ ਦਿਨ ਪਹਿਲਾਂ ਸ੍ਰੀ ਅਗਰਵਾਲ ਦਾ ਤਬਾਦਲਾ ਕਿਸੇ ਹੋਰ ਥਾਂ ਹੋਣ ਕਾਰਨ ਦੁਕਾਨਾਂ ਦੇ ਬਾਹਰ ਦੁਬਾਰਾ ਤੋਂ ਫੜ੍ਹੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਫੜ੍ਹੀਆਂ ਕਰਕੇ ਸਥਾਨਕ ਚੌੜਾ ਬਾਜ਼ਾਰ ਦਿਨੋ ਦਿਨ ਭੀੜਾ ਹੋਣ ਲੱਗਾ ਹੈ। ਕਈ ਦੁਕਾਨਾਂ ਦੇ ਅੱਗੇ ਤਾਂ ਫੜ੍ਹੀਆਂ ਇੰਨੀਆਂ ਵੱਡੀਆਂ ਲੱਗੀਆਂ ਦੇਖੀਆਂ ਜਾ ਸਕਦੀਆਂ ਹਨ ਕਿ ਪਿੱਛੇ ਬਣੀਆਂ ਦੁਕਾਨਾਂ ਤੱਕ ਦਿਖਾਈ ਨਹੀਂ ਦਿੰਦੀਆਂ। ਐਤਵਾਰ ਦੇ ਦਿਨ ਇਨ੍ਹਾਂ ਫੜੀਆਂ ਦੀ ਗਿਣਤੀ ਕਈ ਗੁਣਾਂ ਵਧ ਜਾਂਦੀ ਹੈ। ਟ੍ਰੈਫਿਕ ਵਿੱਚ ਰੁਕਾਵਟ ਬਣਨ ਨਾਲ ਲੋਕਾਂ ਨੂੰ ਪੈਦਲ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ। ਅੱਜ ਕੱਲ੍ਹ ਤਾਂ ਚੌੜਾ ਬਾਜ਼ਾਰ, ਘੁਮਾਰ ਮੰਡੀ, ਸਰਾਫਾ ਬਾਜ਼ਾਰ, ਡਿਵੀਜ਼ਨ ਨੰਬਰ ਤਿੰਨ, ਫੀਲਡ ਗੰਜ, ਕੋਚਰ ਮਾਰਕੀਟ ਆਦਿ ਥਾਵਾਂ ’ਤੇ ਈ-ਰਿਕਸ਼ੇ ਵੀ ਆਉਣੇ ਸ਼ੁਰੂ ਹੋ ਗਏ ਹਨ। ਬਾਜ਼ਾਰਾਂ ਵਿੱਚ ਇਹ ਵੀ ਟ੍ਰੈਫਿਕ ਨੂੰ ਹੋਰ ਵਧਾਉਣ ਦਾ ਕਾਰਨ ਬਣ ਰਹੇ ਹਨ।
ਬਾਕਸ
ਟਰੈਫਿਕ ਸਮੱਸਿਆ ਜਲਦੀ ਹੱਲ ਕੀਤੀ ਜਾਵੇਗੀ: ਏਸੀਪੀ
ਏਸੀਪੀ ਟਰੈਫਿਕ ਵਰੁਨਜੀਤ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਾਲ ਲੈ ਕਿ ਇਸ ਪਾਸੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਇੰਨਾ ਵੀ ਕਿਹਾ ਕਿ ਨਵੇਂ ਕਮਿਸ਼ਨਰ ਵੱਲੋਂ ਇਸ ਸਬੰਧੀ ਜੋ ਨਿਰਦੇਸ਼ ਆਉਣਗੇ, ਉਨ੍ਹਾਂ ਦੀ ਪਾਲਣਾ ਕੀਤੀ ਜਾਵੇਗੀ।
ਕੈਪਸ਼ਨ: ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਲੋਕਾਂ ਦਾ ਇਕੱਠ।-ਫੋਟੋ: ਵਰਮਾ