ਦੇਵਿੰਦਰ ਸਿੰਘ ਜੱਗੀ
ਪਾਇਲ, 14 ਜੁਲਾਈ
ਪਿੰਡ ਮਕਸੂਦੜਾ ਦੇ ਨਾਲ ਲੱਗਦੀ ਨਹਿਰ ਉਸ ਸਮੇਂ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਲਈ ਵੱਡਾ ਖ਼ਤਰਾ ਬਣ ਗਈ, ਜਦੋਂ ਪਾਣੀ ਦੇ ਤੇਜ਼ ਵਹਾਅ ਕਾਰਨ ਰੋਪੜ ਤੋਂ ਆਉਂਦੀ ਸਰਹਿੰਦ ਨਹਿਰ ਵਿੱਚੋਂ ਜੌੜੇਪੁਲ ਤੇ ਜਰਗ ਨੂੰ ਜਾਂਦੀ ਨਹਿਰ ਦੇ ਪੁਲ ਹੇਠ ਭਾਰੀ ਮਾਤਰਾ ਵਿੱਚ ਬੂਟੀ ਫਸ ਗਈ ਤੇ ਪਾਣੀ ਦਾ ਪੱਧਰ ਉੱਚਾ ਹੋਣ ਲੱਗ ਪਿਆ। ਇਸ ਦੀ ਸੂਚਨਾ ਮਿਲਦਿਆਂ ਹੀ ਥਾਣਾ ਪਾਇਲ ਦੇ ਮੁੱਖ ਅਫ਼ਸਰ ਕਰਨੈਲ ਸਿੰਘ ਪੁਲੀਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਜਾਣਕਾਰੀ ਮੁਤਾਬਿਕ ਪੁਲ ਦੇ ਹੇਠਾਂ ਫਸੀ ਬੂਟੀ ਨੂੰ ਪਹਿਲਾਂ ਤਾਂ ਪਿੰਡ ਵਾਸੀਆਂ ਅਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਬਾਹਰ ਕੱਢਣ ਦਾ ਯਤਨ ਕੀਤਾ ਗਿਆ, ਪਰ ਕੋਸ਼ਿਸ਼ ਅਸਫ਼ਲ ਰਹੀ। ਇਸ ਮਗਰੋਂ ਮੁੱਖ ਅਫ਼ਸਰ ਕਰਨੈਲ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਅਤੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਆਪਣੇ ਪੱਧਰ ‘ਤੇ ਜੇਸੀਬੀ ਮਸ਼ੀਨਾਂ ਦਾ ਪ੍ਰਬੰਧ ਕੀਤਾ ਤੇ ਬੂਟੀ ਨੂੰ ਸਾਫ਼ ਕਰਵਾਇਆ। ਜਦੋਂ ਨਹਿਰੀ ਵਿਭਾਗ ਦੇ ਅਮਲੇ ਨੇ ਘਟਨਾ ਸਥਾਨ ਬਹੁਤ ‘ਤੇ ਦੇਰੀ ਨਾਲ ਪਹੁੰਚ ਕੀਤੀ। ਦੱਸਣਯੋਗ ਹੈ ਕਿ ਜੇਕਰ ਪੁਲੀਸ ਪ੍ਰਸ਼ਾਸਨ ਆਪਣੇ ਪੱਧਰ ‘ਤੇ ਪ੍ਰਬੰਧ ਨਾ ਕਰਦਾ ਤਾਂ ਨਹਿਰ ਦੇ ਓਵਰਫਲੋਅ ਹੋ ਜਾਣ ਦਾ ਡਰ ਬਣਿਆ ਹੋਇਆ। ਇਸ ਸਬੰਧੀ ਐੱਸਡੀਐੱਮ ਮਨਕੰਵਲ ਸਿੰਘ ਚਾਹਲ ਨੇ ਕਿਹਾ ਕਿ ਸਬੰਧਿਤ ਮਹਿਕਮੇ ਦੇ ਐੱਸਡੀਓ ਨੂੰ ਸੂਚਿਤ ਕਰ ਦਿੱਤਾ ਹੈ।