ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਮਾਰਚ
ਸ਼ਨਿੱਚਰਵਾਰ ਰਾਤ ਸਮੇਂ ਹੋਈ ਕਿਣਮਿਣ ਅਤੇ ਐਤਵਾਰ ਸਾਰਾ ਦਿਨ ਬੱਦਲਵਾਈ ਰਹਿਣ ਕਾਰਨ ਸਨਅਤੀ ਸ਼ਹਿਰ ਵਿੱਚ ਠੰਢ ਦਾ ਮੌਸਮ ਹੋਰ ਅੱਗੇ ਪੈਣ ਦੇ ਆਸਾਰ ਬਣ ਗਏ ਹਨ। ਅੱਜ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਤਾਪਮਾਨ 27.2 ਡਿਗਰੀ ਸੈਲਸੀਅਸ ਰਿਹਾ।
ਪਿਛਲੇ ਕੁਝ ਦਿਨਾਂ ਤੋਂ ਤੇਜ਼ ਧੁੱਪ ਕਾਰਨ ਮੌਸਮ ਵਿੱਚ ਗਰਮਾਹਟ ਆ ਗਈ ਸੀ। ਲੋਕਾਂ ਨੇ ਗਰਮ ਕੱਪੜੇ ਸੰਭਾਲ ਕਿ ਰੱਖਣੇ ਸ਼ੁਰੂ ਕਰ ਦਿੱਤੇ ਸਨ ਪਰ ਸ਼ਨਿੱਚਰਵਾਰ ਮੌਸਮ ਵਿੱਚ ਇੰਨਾ ਬਦਲਾਅ ਨੇ ਲੋਕਾਂ ਨੂੰ ਦੁਬਾਰਾ ਗਰਮ ਕੱਪੜੇ ਕੱਢਣ ਲਈ ਮਜਬੂਰ ਹਨ। ਸ਼ਨਿੱਚਰਵਾਰ ਦੇਰ ਰਾਤ ਕਈ ਥਾਵਾਂ ’ਤੇ ਤਾਂ ਕਿਣਮਿਣ ਵੀ ਹੁੰਦੀ ਰਹੀ। ਇਸ ਕਰ ਕੇ ਐਤਵਾਰ ਸਾਰਾ ਦਿਨ ਠੰਢਾ ਹੀ ਰਿਹਾ। ਮਾਹਿਰਾਂ ਅਨੁਸਾਰ ਜੇ ਹਲਕਾ ਮੀਂਹ ਪੈਂਦਾ ਹੈ ਤਾਂ ਇਹ ਕਣਕ ਦੀ ਫ਼ਸਲ ਲਈ ਲਾਹੇਵੰਦ ਹੀ ਹੋਵੇਗਾ।