ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਦਸੰਬਰ
ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਸਿਆਸੀ ਆਗੂ ਹੁਣ ਚੋਣ ਪ੍ਰਚਾਰ ਦੇ ਲਈ ਸਮਾਰਟ ਸਿਟੀ ਦੀਆਂ ਕੰਧਾਂ ਗੰਦੀਆਂ ਕਰਨ ਲੱਗ ਗਏ ਹਨ। ਸਮਾਰਟ ਸਿਟੀ ਲੁਧਿਆਣਾ ਦੀਆਂ ਕੰਧਾਂ ’ਤੇ ਸਿਆਸੀ ਆਗੂਆਂ ਵੱਲੋਂ ਆਪਣੇ ਚੋਣ ਪ੍ਰਚਾਰ ਦੇ ਪੋਸਟਰ ਲਗਾਏ ਜਾ ਰਹੇ ਹਨ। ਸ਼ਹਿਰ ਦੇ ਚੌਕਾਂ, ਸੜਕਾਂ, ਪੁਲਾਂ ਤੇ ਹੋਰਾਂ ਇਲਾਕਿਆਂ ’ਚ ਆਗੂਆਂ ਨੇ ਆਪਣੇ ਪੋਸਟਰ ਲਗਾ ਕੇ ਸ਼ਹਿਰ ਨੂੰ ਗੰਦਾ ਕਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਹਾਲੇ ਵਿਧਾਨ ਸਭਾ ਚੋਣਾਂ ਦੀ ਤਾਰੀਕ ਦਾ ਐਲਾਨ ਨਹੀਂ ਹੋਇਆ, ਕੁਝ ਸਿਆਸੀ ਪਾਰਟੀਆਂ ਵੱਲੋਂ ਹਾਲੇ ਉਮੀਦਵਾਰ ਵੀ ਨਹੀਂ ਐਲਾਨੇ ਗਏ ਹਨ ਪਰ ਜਿਨ੍ਹਾਂ ਪਾਰਟੀਆਂ ਨੇ ਆਗੂਆਂ ਨੂੰ ਉਮੀਦਵਾਰ ਐਲਾਨ ਦਿੱਤਾ ਹੈ, ਉਨ੍ਹਾਂ ਨੇ ਲਾਹਾ ਚੁੱਕਦੇ ਹੋਏ ਸ਼ਹਿਰ ਦੀਆਂ ਕੰਧ ਵੱਡੇ-ਵੱਡੇ ਪੋਸਟਰ ਲਗਾ ਕੇ ਭਰ ਦਿੱਤੀਆਂ ਹਨ। ਸਭ ਤੋਂ ਵੱਧ ਪੋਸਟਰ ਹਲਕਾ ਪੱਛਮੀ, ਹਲਕਾ ਕੇਂਦਰੀ ਤੇ ਹਲਕਾ ਉੱਤਰੀ ਵਿੱਚ ਲਗਾਏ ਗਏ ਹਨ, ਜਿਥੇ ਕੁਝ ਉਮੀਦਵਾਰਾਂ ਤੇ ਸੰਭਾਵੀ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਹੈ। ਹਲਕਾ ਪੱਛਮੀ ਵਿੱਚ ਤਾਂ ਸਭ ਤੋਂ ਵੱਧ ਪੋਸਟਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਲਗਾਏ ਹਨ। ਪੱਖੋਵਾਲ ਰੋਡ, ਮਲਹਾਰ ਰੋਡ, ਗੁਰਦੇਵ ਨਗਰ, ਹੈਬੋਵਾਲ ਤੇ ਰਿਸ਼ੀ ਨਗਰ ਇਲਾਕੇ ਵਿੱਚ ਅਕਾਲੀ ਦਲ ਵੱਲੋਂ, ਜੋ ਚੁਣਾਵੀਂ ਐਲਾਨ ਕੀਤੇ ਗਏ ਹਨ, ਉਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਹਲਕਾ ਕੇਂਦਰੀ ਦੇ ਇਲਾਕੇ ਜਗਰਾਉਂ ਪੁਲ, ਲੱਕੜ ਪੁਲ, ਸ਼ਿਵਾ ਜੀ ਨਗਰ ਆਦਿ ਇਲਾਕਿਆਂ ਵਿੱਚ ਵੀ ਭਾਜਪਾ ਦੇ ਉਮੀਦਵਾਰ ਨੇ ਵੀ ਕਈ ਇਲਾਕਿਆਂ ਵਿੱਚ ਪੋਸਟਰ ਲਗਾਏ ਹਨ। ਸਨਅਤੀ ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਲੀਡਰਾਂ ਨੇ ਚੋਣਾਂ ਤੋਂ ਪਹਿਲਾਂ ਹੀ ਸ਼ਹਿਰ ਗੰਦਾ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਤ ਇਹ ਹਨ ਕਿ ਕੰਧਾਂ ’ਤੇ ਅਜਿਹੇ ਪੋਸਟਰ ਲਗਾਏ ਗਏ ਹਨ, ਜੋ ਕਿ ਆਸਾਨੀ ਨਾਲ ਉਤਰਣਗੇ ਵੀ ਨਹੀਂ। ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਉਹ ਪੋਸਟਰ ਲਗਾਉਣ ਵਾਲੇ ਸਿਆਸੀ ਆਗੂਆਂ ਦਾ ਵਿਰੋਧ ਵੀ ਕਰਨਗੇ।