ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 9 ਦਸੰਬਰ
ਸਥਾਨਕ ਰੇਲਵੇ ਪਾਰਕ ’ਚ ਚੱਲ ਰਹੇ ਕਿਸਾਨ ਮੋਰਚੇ ਦੇ 436ਵੇਂ ਦਿਨ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਸਿੰਘੂ ਬਾਰਡਰ ਤੋਂ ਸਰਕਾਰ ਵੱਲੋਂ ਕਿਸਾਨ ਮੰਗਾਂ ਮੰਨ ਲਏ ਜਾਣ ਤੋਂ ਬਾਅਦ ਕਿਸਾਨ ਸੰਘਰਸ਼ ਖਤਮ ਕਰਨ ਦੀ ਖ਼ਬਰ ਆਈ। ਲਗਾਤਾਰ 436 ਦਿਨਾਂ ਤੋਂ ਚੱਲ ਰਹੇ ਇਸ ਮੋਰਚੇ ’ਚ ਧਰਨਾਕਾਰੀਆਂ ਨੇ ਜੋਸ਼ੋ ਖਰੋਸ਼ ਨਾਲ ਆਕਾਸ਼ ਗੁੰਜਾਊ ਨਾਅਰਿਆਂ ਨਾਲ ਆਲਾ ਦੁਆਲਾ ਗੂੰਜਣ ਲਾ ਦਿੱਤਾ। ‘ਲੋਕ ਏਕਤਾ ਅੱਗੇ ਝੁਕਦੀ ਹੈ ਹਰ ਸਰਕਾਰ’ ਆਦਿ ਨਾਅਰੇ ਬੁਲੰਦ ਕੀਤੇ ਗਏ। ਇਸ ਦੇ ਨਾਲ ਹੀ ਐਲਾਨ ਕੀਤਾ ਗਿਆ ਕਿ 442 ਦਿਨ ਪੂਰੇ ਹੋਣ ’ਤੇ 15 ਦਸੰਬਰ ਨੂੰ ਜਗਰਾਉਂ ਵਾਲਾ ਕਿਸਾਨ ਮੋਰਚਾ ਖਤਮ ਕੀਤਾ ਜਾਵੇਗਾ। ਲੋਕ ਆਗੂ ਕੰਵਲਜੀਤ ਖੰਨਾ ਨੇ ਦੱਸਿਆ ਕਿ 11 ਦਸੰਬਰ ਨੂੰ ਕਿਸਾਨ ਕਾਫਲੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਟੀਕਰੀ ਤੇ ਸਿੰਘੂ ਬਾਰਡਰਾਂ ਤੋਂ ਵਾਪਸ ਕੂਚ ਕਰਨਗੇ। ਪੰਜਾਬ ਪਹੁੰਚਣ ’ਤੇ ਪਿੰਡ-ਪਿੰਡ ਅਤੇ ਸੰਘਰਸ਼ ਮੋਰਚਿਆਂ ’ਚ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 15 ਦਸੰਬਰ ਨੂੰ ਹੀ ਪੂਰੇ ਪੰਜਾਬ ’ਚ ਚੱਲ ਰਹੇ ਸੰਘਰਸ਼ ਮੋਰਚੇ ਕਿਸਾਨਾਂ ਮਜ਼ਦੂਰਾਂ ਦੀ ਵੱਡੀ ਇਕੱਤਰਤਾ, ਜੇਤੂ ਮਾਰਚ ਕਰਕੇ ਅਤੇ ਅਗਲੀ ਰੂਪ ਰੇਖਾ ਤੈਅ ਕਰਕੇ ਚੁੱਕ ਲਏ ਜਾਣਗੇ।
ਇਸ ਸਮੇਂ ਕਿਸਾਨ ਆਗੂ ਗੁਰਮੇਲ ਸਿੰਘ ਭਰੋਵਾਲ, ਦਰਸ਼ਨ ਸਿੰਘ ਗਾਲਬਿ, ਹਰਚੰਦ ਸਿੰਘ ਢੋਲਣ, ਧਰਮ ਸਿੰਘ ਸੂਜਾਪੁਰ, ਮਾਸਟਰ ਹਰਬੰਸ ਸਿੰਘ ਅਖਾੜਾ ਨੇ ਦੱਸਿਆ ਕਿ ਇਸ ਇਤਿਹਾਸਕ ਅੰਦੋਲਨ ਦੌਰਾਨ ਕਿਸਾਨਾਂ ਮਜ਼ਦੂਰਾਂ ਨੇ ਜਿਸ ਸਿਰੜ, ਸੰਜਮ ਤੇ ਦਲੇਰੀ ਦਾ ਮੁਜ਼ਾਹਰਾ ਕੀਤਾ ਹੈ ਉਹ ਚਿਰਜੀਵੀ ਹੈ। ਇਸ ਸਮੇਂ ਸ਼ਹੀਦ ਕਿਸਾਨ ਮਜ਼ਦੂਰ ਸਾਥੀਆਂ ਨੂੰ ਇਕ ਵਾਰ ਫਿਰ ਨਮਨ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਜੇਕਰ 14 ਦਸੰਬਰ ਤੱਕ ਰਹਿੰਦੇ ਸ਼ਹੀਦ ਕਿਸਾਨ ਪਰਿਵਾਰਾਂ ਦੇ ਵਾਰਸਾਂ ਨੂੰ ਸਰਕਾਰੀ ਸਹਾਇਤਾ ਅਤੇ ਨੌਕਰੀ ਦੇ ਕਾਗਜ਼ ਨਾ ਸੌਂਪੇ ਗਏ ਤਾਂ ਮੁੱਖ ਸੜਕ ’ਤੇ ਸੜਕੀ ਆਵਾਜਾਈ ਠੱਪ ਕੀਤੀ ਜਾਵੇਗੀ। ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਇਸ ਮਾਮਲੇ ਨੂੰ ਪਹਿਲ ਦੇ ਆਧਾਰ ’ਤੇ ਨਿਪਟਾਉਣ ਦੀ ਮੰਗ ਕੀਤੀ ਗਈ। ਬੁਲਾਰਿਆਂ ਨੇ ਕਿਸਾਨ ਅੰਦੋਲਨ ਦੀ ਹਮਾਇਤ ’ਚ ਨਿੱਤਰੇ ਸਾਰੇ ਵਰਗਾਂ ਦਾ ਧੰਨਵਾਦ ਕੀਤਾ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਉਪਰੰਤ ਵੀ ਰੇਲਵੇ ਸਟੇਸ਼ਨ ਦੇ ਬਾਹਰ ਕਿਸਾਨ ਮਜ਼ਦੂਰ ਸੰਘਰਸ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਧਰਨਾ ਲਗਾਤਾਰ ਜਾਰੀ ਹੈ। ਇਸ ਮੌਕੇ ਕਸ਼ਮੀਰਾ ਸਿੰਘ, ਅਵਤਾਰ ਸਿੰਘ, ਜਗਜੀਤ ਸਿੰਘ, ਗੁਰਦਿਆਲ ਸਿੰਘ, ਕੈਪਟਨ ਨੰਦ ਲਾਲ, ਅਜੀਤ ਸਿੰਘ, ਸੁੱਖੀ ਰਤਨਪਾਲੋਂ, ਗੁਰਬਚਨ ਸਿੰਘ, ਮਹਿੰਦਰ ਸਿੰਘ, ਗੁਰਮੇਲ ਸਿੰਘ, ਰਛਪਾਲ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।