ਪੱਤਰ ਪ੍ਰੇਰਕ
ਸਮਰਾਲਾ, 18 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਸਥਾਨਕ ਮਾਛੀਵਾੜਾ ਰੋਡ ’ਤੇ ਜੰਗਲਾਤ ਵਰਕਰ ਯੂਨੀਅਨ ਵੱਲੋਂ ਲਾਏ ਧਰਨੇ ’ਤੇ ਬੈਠੇ ਵਰਕਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਣ ਵਾਲੀ ‘ਆਪ’ ਸਰਕਾਰ ਚੋਣਾਂ ਜਿੱਤਣ ਤੋਂ ਪਹਿਲਾਂ ਸੂਬੇ ਵਿੱਚ ਵੱਡੇ ਬਦਲਾਅ ਦੇ ਦਮਗਜ਼ੇ ਮਾਰਦੀ ਸੀ ਪਰ ਅੱਜ ਇਹ ਗੱਲਾਂ ਕਿ ਅਮਲ ਵਿੱਚ ਨਹੀਂ ਆ ਰਹੀਆਂ। ਮੁਲਾਜ਼ਮਾਂ ਤੇ ਆਮ ਲੋਕਾਂ ਵਿਚ ਸਰਕਾਰ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਜੰਗਲਾਤ ਮਹਿਕਮੇ ਦੇ ਵਰਕਰ ਨੌਂ ਦਿਨਾਂ ਤੋਂ ਧਰਨਾ ਲਾਈ ਬੈਠੇ ਹਨ। ਉਨ੍ਹਾਂ ਨੇ ਸ੍ਰੀ ਢਿੱਲੋਂ ਨੂੰ ਦੱਸਿਆ ਕਿ ਵਿਭਾਗ ਵੱਲੋਂ ਪਿਛਲੇ 6 ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖ਼ਾਹ ਨਹੀਂ ਜਾਰੀ ਕੀਤੀ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਤਨਖ਼ਾਹਾਂ ਜਾਰੀ ਨਾਂ ਕੀਤੀਆਂ ਤਾਂ ਉਹ ਪਹਿਲਾਂ ਵਣ ਵਿਭਾਗ ਦੇ ਅਧਿਕਾਰੀਆਂ ਦੇ ਘਰਾਂ ਦਾ ਘਿਰਾਓ ਕਰਨਗੇ ਤੇ 20 ਸਤੰਬਰ ਨੂੰ ਸੰਗਰੂਰ ਵਿੱਚ ਸੂਬਾ ਪੱਧਰੀ ਸੰਘਰਸ਼ ਵਿੱਢਣਗੇ। ਪਰਮਜੀਤ ਢਿੱਲੋਂ ਨੇ ਧਰਨਾਕਾਰੀਆਂ ਨੂੰ ਆਪਣਾ ਸਮਰਥਨ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਨਖ਼ਾਹਾਂ ਜਲਦੀ ਜਾਰੀ ਕਰਨ ਦੀ ਅਪੀਲ ਕੀਤੀ।