ਸਤਵਿੰਦਰ ਬਸਰਾ
ਲੁਧਿਆਣਾ, 12 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਫ਼ਿਰੋਜ਼ਪੁਰ ਰੋਡ ਲੁਧਿਆਣਾ ’ਤੇ ਚੱਲ ਰਹੇ ਧਰਨੇ ਵਿਚ ਅੱਜ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ। ਕਿਸਾਨ ਆਗੂ ਭਰਪੂਰ ਸਿੰਘ ਥਰੀਕੇ ਨੇ ਦੱਸਿਆ ਕਿ ਦਿੱਲੀ ਸਰਕਾਰ ਵੱਲੋਂ ਗ੍ਰਿਫ਼ਤਾਰ ਕੀਤੀ ਸਮਾਜ ਸੇਵੀ ਨੌਦੀਪ ਕੌਰ ਦੀ ਰਿਹਾਈ ਦੀ ਮੰਗ ਕਰਦਿਆਂ ਕੇਂਦਰ/ਦਿੱਲੀ ਸਰਕਾਰ ਦੀ ਅਰਥੀ ਸਾੜੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਰਾਜਿੰਦਰ ਸਿੰਘ, ਕਸਤੂਰੀ ਲਾਲ, ਜਸਵੰਤ ਸਿੰਘ, ਚਰਨ ਸਿੰਘ ਨੂਰਪੁਰਾ, ਇੰਦਰਜੀਤ ਸਿੰਘ, ਬਿਕਰਮ ਸਿੰਘ, ਹਿੰਮਤ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਹੱਕਾਂ ਲਈ ਸੰਘਰਸ਼ਸ਼ੀਲ ਅੰਦੋਲਨਕਾਰੀਆਂ ਵਿਰੁੱਧ ਵਰਤੀ ਭੱਦੀ ਭਾਸ਼ਾ ਦੀ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਦਿੱਲੀ ਮੋਰਚੇ ਵਾਸਤੇ ਲੋਕਾਂ ’ਚ ਉਤਸ਼ਾਹ ਹੈ, ਪਿੰਡਾਂ ਵਿੱਚੋਂ ਕਾਫ਼ਲੇ ਵੱਡੀ ਗਿਣਤੀ ਵਿਚ ਦਿੱਲੀ ਮੋਰਚਿਆਂ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਖੇਤੀ ਕਾਨੂੰਨ ਸਿਰਫ਼ ਕਿਸਾਨ ਹੀ ਨਹੀਂ ਸਗੋਂ ਹਰ ਵਰਗ ਲਈ ਘਾਤਕ ਹਨ।
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਅਨਾਜ ਮੰਡੀ ਜਗਰਾਉਂ ’ਚ ਸੰਯੁਕਤ ਮੋਰਚੇ ਵੱਲੋਂ ਕੀਤੀ ਮਹਾਂ-ਪੰਚਾਇਤ ਨੇ ਜਿੱਥੇ ਕਿਰਤੀਆਂ ਦੇ ਹੌਸਲੇ ਬੁਲੰਦ ਕੀਤੇ ਹਨ, ਉੱਥੇ ਉਨ੍ਹਾਂ ਵਿਚ ਜੋਸ਼ ਭਰਨ ਦਾ ਵੀ ਕੰਮ ਕੀਤਾ ਹੈ। ਧਰਨਿਆਂ ਵਿਚ ਲੋਕਾਂ ਦੀ ਗਿਣਤੀ ਵਧ ਗਈ ਹੈ। ਰੇਲਵੇ ਪਾਰਕ ਧਰਨੇ ’ਚ 133ਵੇਂ ਦਿਨ ਬੀਕੇਯੂ (ਡਕੌਂਦਾ) ਪ੍ਰਧਾਨ ਜਗਜੀਤ ਸਿੰਘ ਦੀ ਯੋਗ ਅਗਵਾਈ ਹੇਠ ਕਲੇਰਾਂ (ਨਾਨਕਸਰ) ਦੇ ਕਿਸਾਨ ਅਮਰੀਕ ਸਿੰਘ, ਸੁਰਿੰਦਰ ਸਿੰਘ, ਗੁਰਸ਼ਰਨ ਸਿੰਘ, ਤੇਜਿੰਦਰ ਸਿੰਘ, ਜਸਵੀਰ ਸਿੰਘ ਅਤੇ ਸੁਰਿੰਦਰ ਸ਼ਰਮਾ ਭੁੱਖ ਹੜਤਾਲ ’ਤੇ ਬੈਠੇ। ਕਿਰਤੀਆਂ ਨੇ ਭੁੱਖ ਹੜਤਾਲ ’ਤੇ ਬੈਠਣ ਤੋਂ ਪਹਿਲਾਂ ਮੋਦੀ ਹਕੂਮਤ ਖ਼ਿਲਾਫ਼ ਦਿਲਾਂ ’ਚ ਜਵਾਰਭਾਟਾ ਬਣੀ ਭੜਾਸ ਨਾਅਰੇ ਲਗਾ ਕੇ ਕੱਢੀ। ਲੋਕ ਆਗੂ ਕੰਵਲਜੀਤ ਖੰਨਾ, ਹਰਚੰਦ ਢੋਲਣ, ਜਗਜੀਤ ਕਲੇਰ, ਪਰਵਾਰ ਗਾਲਬਿ, ਸ਼ਮਸੇਰ ਮਲਕ ਨੇ ਕਿਸਾਨ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮਹਾਂ-ਪੰਚਾਇਤ ਕਾਲੇ ਕਾਨੂੰਨਾਂ ਵਿਰੋਧੀ ਘੋਲ ਨੂੰ ਨਵੀਆਂ ਸਿਖ਼ਰਾਂ ’ਤੇ ਪਹੁੰਚਾਉਣ ’ਚ ਸ਼ਾਨਦਾਰ ਭੂਮਿਕਾ ਨਿਭਾਵੇਗੀ।
ਚੌਂਕੀਮਾਨ ਟੌਲ ’ਤੇ ਚੱਲ ਰਹੇ ਨਿਰੰਤਰ ਧਰਨੇ ’ਚ ਧੁੰਦ ਅਤੇ ਠੰਢ ਦੀ ਪ੍ਰਵਾਹ ਕੀਤੇ ਵਗੈਰ ਸੈਂਕੜੇ ਲੋਕਾਂ ਨੇ ਹਾਜ਼ਰੀ ਭਰੀ। ਧਰਨਾਕਾਰੀਆਂ ਅਤੇ ਪ੍ਰਬੰਧਕਾਂ ਲੋਕ ਆਗੂਆਂ ਦੀ ਆਵਾਜ਼ ਵਿਚ ਮਹਾ-ਪੰਚਾਇਤ ਦੀ ਭਰਿਆ ਜੋਸ਼ ਝਲਕ ਰਿਹਾ ਸੀ। ਆਗੂ ਸਤਨਾਮ ਮੋਰਕਰੀਮਾਂ, ਮੁਕੰਦ ਸਿੰਘ ਮਾਨ, ਗੁਰਮੇਲ ਭਰੋਵਾਲ, ਸੁਖਦੇਵ ਭੂੰਦੜੀ ਆਦਿ ਆਗੂਆਂ ਨੇ ਸਰਕਾਰ ਮੁਲਕ ਦੇ ਅੰਨਦਾਤੇ ਦਾ ਸਤਿਕਾਰ ਕਰਦੀ ਹੋਈ ਤਿੰਨੇ ਖੇਤੀ ਕਾਨੂੰਨ ਰੱਦ ਕਰੇ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਮਹੂਰੀ ਕਿਸਾਨ ਸਭਾ ਵੱਲੋਂ ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਨਾਅਰੇਬਾਜ਼ੀ ਦੌਰਾਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ। ਲੜੀਵਾਰ ਧਰਨੇ ਦੀ ਅਗਵਾਈ ਕੁਲਜੀਤ ਕੌਰ ਗਰੇਵਾਲ, ਜਰਨੈਲ ਕੌਰ ਅਤੇ ਸੁਖਵਿੰਦਰ ਕੌਰ ਨੇ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਤਾਰ ਸਿੰਘ ਚਕੋਹੀ ਨੇ ਕਿਹਾ ਕਿ ਦਿੱਲੀ ਮੋਰਚੇ ਵਿਚ ਸ਼ਮੂਲੀਅਤ ਹੋਰ ਵਧਾਉਣ ਲਈ ਇਲਾਕੇ ਦੇ ਪਿੰਡਾਂ ਵਿੱਚ ਮੀਟਿੰਗਾਂ, ਜਲਸੇ ਕੀਤੇ ਜਾਣਗੇ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਭਰ ਵਿਚ ਘੋਲ ਨੂੰ ਹੋਰ ਪ੍ਰਚੰਡ ਕਰਨ ਲਈ ਲਾਮਬੰਦੀ ਦਾ ਸਿਲਸਿਲਾ ਤੇਜ਼ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਨੌਜਵਾਨ ਆਗੂ ਹਰਨੇਕ ਸਿੰਘ ਗੁੱਜਰਵਾਲ, ਸੁਖਮਿੰਦਰ ਸਿੰਘ ਮਹਿਮਾ ਸਿੰਘ ਵਾਲਾ, ਸੁਰਜੀਤ ਸਿੰਘ ਸੀਲੋ, ਕਾਮਰੇਡ ਪੂਰਨ ਸਿੰਘ ਨਾਰੰਗਵਾਲ, ਮਹਿੰਦਰ ਸਿੰਘ, ਰਜਿੰਦਰ ਕੌਰ ਨੇ ਵੀ ਸੰਬੋਧਨ ਕੀਤਾ।