ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 6 ਮਈ
ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖਾਲਸਾ ਕਾਲਜ ਫਾਰ ਵਿਮੈਨ ਦੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਦੀ ਅਗਵਾਈ ਅਧੀਨ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬੌਲਦ’ ਉੱਤੇ ਬਣੀ ਫ਼ਿਲਮ ਵਿਖਾਈ ਗਈ। ਇਹ ਕਹਾਣੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬੀਏ, ਬੀਐੱਸਸੀ, ਬੀਏ ਬੀਐੱਡ ਅਤੇ ਬੀਐੱਸਸੀ ਬੀਐੱਡ ਭਾਗ ਪਹਿਲੇ ਦੇ ਸਿਲੇਬਸ ’ਚ ਦਰਜ ਹੈ। ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਕੁਲਵੰਤ ਸਿੰਘ ਵਿਰਕ ਪੰਜਾਬੀ ਕਹਾਣੀ ਜਗਤ ’ਚ ਨਿਵੇਕਲਾ ਸਥਾਨ ਰੱਖਦਾ ਹੈ। ਉਸਦੀ ਇਹ ਕਹਾਣੀ ‘ਧਰਤੀ ਹੇਠਲਾ ਬੌਲਦ’ ਦਾ ਨਾਂ ਮਿੱਥ ’ਤੇ ਆਧਰਿਤ ਹੈ, ਲੇਖਕ ਮਿੱਥ ਨੂੰ ਆਧਾਰ ਬਣਾ ਕੇ ਨਵੇਂ ਵਿਸ਼ੇ ਨੂੰ ਨਵੇਂ ਰੂਪ ’ਚ ਪੇਸ਼ ਕਰਦਾ ਹੈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਾਹਿਤ ਸਿਰਜਣ ਲਈ ਪ੍ਰੇਰਨਾ ਦਿੰਦੇ ਹੋਏ ਦੱਸਿਆ ਕਿ ਸਾਹਿਤ ਅਜਿਹੀ ਰਚਨਾ ਹੈ ਜੋ ਲੇਖਕ ਦੁਆਰਾ ਆਪਣੇ ਜੀਵਨ ਦੌਰਾਨ ਆਲੇ-ਦੁਆਲੇ ਵਿੱਚੋਂ ਗ੍ਰਹਿਣ ਕੀਤੇ ਵਿਸ਼ਿਆਂ ਦਾ ਉਸਦੇ ਅਨੁਭਵ ਤੇ ਮਨ ਦੇ ਅਹਿਸਾਸਾਂ, ਤਣਾਵਾਂ, ਗੁੰਝਲਾਂ ਤੇ ਪ੍ਰਤੀਬਿੰਬਤ ਰਾਹੀਂ ਸੁਹਜਾਤਮਕ ਢੰਗ ਨਾਲ ਪ੍ਰਗਟਾਵਾ ਕਰਦਾ ਹੈ।