ਜੋਗਿੰਦਰ ਸਿੰਘ ਓਬਰਾਏ
ਖੰਨਾ, 23 ਦਸੰਬਰ
ਇਥੇ ਅੱਜ ਲਿਨਫੌਕਸ ਮਜ਼ਦੂਰ ਕਮੇਟੀ ਦੇ ਵਰਕਰਾਂ ਵੱਲੋਂ ਮਜ਼ਦੂਰ ਯੂਨੀਅਨ ਦੇ ਆਗੂਆਂ ਹਰਿੰਦਰ ਸਿੰਘ, ਸੁਰਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਮਲਕੀਤ ਸਿੰਘ ਦੀ ਅਗਵਾਈ ਹੇਠਾਂ ਸਮੂਹ ਕਾਮਿਆਂ ਦੀ ਬਿਨਾਂ ਸ਼ਰਤ ਕੰਮ ਤੇ ਬਹਾਲੀ ਤੇ ਹੱਕੀ ਮੰਗਾਂ ਸਬੰਧੀ ਕੰਪਨੀ ਗੇਟ ਅੱਗੇ ਪਰਿਵਾਰਾਂ ਸਮੇਂ ਦਿੱਤਾ ਜਾ ਰਿਹਾ ਧਰਨਾ 7ਵੇਂ ਦਿਨ ’ਚ ਦਾਖਲ ਹੋਇਆ। ਉਨ੍ਹਾਂ ਕਿਰਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਦਖਲ ਦੇ ਕੇ ਕੰਪਨੀ ਸ਼ਰਤ ਹਟਾ ਕੇ ਕਾਮਿਆਂ ਦੀ ਬਹਾਲੀ ਸਮੇਤ ਹੋਰ ਹੱਕੀ ਮੰਗਾਂ ਮੰਨੀਆਂ ਜਾਣ। ਇਸ ਮੌਕੇ ਕਿਸਾਨ ਯੂਨੀਅਨ (ਏਕਤਾਂ-ਉਗਰਾਹਾਂ) ਦੇ ਆਗੂ ਪਰਮਵੀਰ ਸਿੰਘ, ਅਵਤਾਰ ਸਿੰਘ ਭੱਟੀਆ, ਜਸਵਿੰਦਰ ਸਿੰਘ, ਬਲਵੀਰ ਸਿੰਘ, ਰਾਜ ਸਿੰਘ ਨੇ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਕਿ ਚੋਣਵੇਂ ਕਿਰਤੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਪੱਕੀ ਛਾਂਟੀ ਕਰਕੇ ਠੇਕਾ ਪ੍ਰਥਾ ਲਾਗੂ ਕਰਨ ਵਾਲੀਆਂ ਮਜ਼ਦੂਰ ਮਾਰੂ ਨੀਤੀਆਂ ਖਿਲਾਫ਼ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿੱਚ ਅਚਾਨਕ ਧਮਾਕਾ ਹੋਣ ਨਾਲ ਹੋਈ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।