ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਮਈ
ਲੁਧਿਆਣਾ ’ਚ ਸੋਮਵਾਰ ਨੂੰ ਸਾਰੇ ਸੇਵਾ ਕੇਂਦਰ ਹੜਤਾਲ ਕਾਰਨ ਬੰਦ ਰਹੇ। ਮੁਲਾਜ਼ਮਾਂ ਨੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਕਲਮ ਛੋੜ ਹੜਤਾਲ ਕੀਤੀ। ਮੁਲਾਜ਼ਮ ਆਪਣੀਆਂ ਸੀਟਾਂ ’ਤੇ ਤਾਂ ਬੈਠੇ ਸਨ, ਪਰ ਲੋਕਾਂ ਦੇ ਕੰਮਕਾਜ ਬੰਦ ਕਰੀ ਰੱਖੇ। ਹੜਤਾਲ ’ਤੇ ਗਏ ਮੁਲਜ਼ਮਾਂ ਦਾ ਕਹਿਣਾ ਸੀ ਕਿ ਸਰਕਾਰ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ। ਪੰਜਾਬ ’ਚ ਚਾਹੇ ਕੋਈ ਵੀ ਸਰਕਾਰ ਆ ਜਾਵੇ, ਪਰ ਸਾਰੇ ਕਰਮਚਾਰੀਆਂ ਨੂੰ ਅਣਦੇਖਿਆ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਇਹ ਸੋਚ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ ਕਿ ਸ਼ਾਇਦ ਪੰਜਾਬ ’ਚ ਬਦਲਾਅ ਆ ਜਾਵੇਗਾ ਅਤੇ ਉਹ ਵੀ ਪੱਕੇ ਹੋ ਜਾਣਗੇ। ਉਨ੍ਹਾਂ ਦੀ ਤਨਖਾਹ ਵੀ ਵਧ ਜਾਵੇਗੀ, ਪਰ ਹਾਲਾਤ ਨਹੀਂ ਬਦਲੇ। ਜ਼ਿਲ੍ਹਾ ਲੁਧਿਆਣਾ ’ਚ ਚੱਲ ਰਹੇ 38 ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਅੱਜ ਹੜਤਾਲ ਕੀਤੀ। ਇਸ ਤੋਂ ਇਲਾਵਾ ਹੜਤਾਲ ’ਚ ਸੰਗਰੂਰ, ਪਟਿਆਲਾ, ਮਾਲੇਰਕੋਟਲਾ, ਫਤਹਿਗੜ੍ਹ ਸਾਹਿਬ ਦੇ ਮੁਲਾਜ਼ਮਾਂ ਨੇ ਵੀ ਲੁਧਿਆਣਾ ਦੇ ਮੁਲਾਜ਼ਮਾਂ ਦਾ ਸਾਥ ਦਿੱਤਾ। ਮੁਲਾਜ਼ਮਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਵੀ ਕੀਤਾ। ਸਮੂਹ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਨੇ ਦੱਸਿਆ ਕਿ ਬੀਤੇ 6 ਸਾਲ ਤੋਂ ਸਾਰੇ ਮੁਲਾਜ਼ਮ ਇੱਕ ਤਨਖਾਹ ’ਤੇ ਕੰਮ ਕਰ ਰਹੇ ਹਨ। ਰਖਬਾਗ ਨਜ਼ਦੀਕ ਬਣੇ ਸੇਵਾ ਕੇਂਦਰ ਦੇ ਇੰਚਾਰਜ ਮਨੀਸ਼ ਨੇ ਦੱਸਿਆ ਕਿ 8000 ਜਾਂ 8500 ’ਚ ਹੁਣ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਸਰਕਾਰ ਤਨਖਾਹ ਵਧਾ ਨਹੀਂ ਰਹੀ, ਪਰ ਪਰਿਵਾਰ ਦੇ ਖਰਚੇ ਲਗਾਤਾਰ ਵਧ ਰਹੇ ਹਨ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸੇਵਾ ਕੇਂਦਰਾਂ ਵਿਚਲੇ ਮੁਲਾਜ਼ਮਾਂ ਨੇ ਅੱਜ ਇਥੇ ਆਪਣੀਆਂ ਮੰਗਾਂ ਨੂੰ ਲੈ ਕੇ ਕਲਮਛੋੜ ਹੜਤਾਲ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਅਤੇ ਕੰਪਨੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹੜਤਾਲ ਕਾਰਨ ਸੇਵਾ ਕੇਂਦਰਾਂ ’ਚ ਕੰਮਕਾਜ ਆਏ ਲੋਕਾਂ ਨੂੰ ਖੁਆਰ ਹੋਣਾ ਪਿਆ। ਇਸ ਮੌਕੇ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਦੇ ਆਗੂ ਗਗਨਪ੍ਰੀਤ ਸਿੰਘ, ਹਰਵਿੰਦਰ ਸਿੰਘ, ਗੁਰਦੀਪ ਸਿੰਘ, ਬਲਜੀਤ ਸਿੰਘ ਨੇ ਦੱਸਿਆ ਕਿ ਉਹ 2016 ’ਚ 8000 ਰੁਪਏ ਤਨਖਾਹ ’ਤੇ ਭਰਤੀ ਕੀਤੇ ਗਏ ਸਨ ਪਰ ਮਹਿੰਗਾਈ ਵਧਣ ਦੇ ਬਾਵਜੂਦ ਅੱਜ ਤੱਕ ਤਨਖ਼ਾਹਾਂ ’ਚ ਕੋਈ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਨਵੀਂ ਸਰਕਾਰ ਬਣਨ ਉਪਰੰਤ ਉਨ੍ਹਾਂ ਦਾ ਕੰਮ ਤਾਂ ਵਧਾ ਦਿੱਤਾ ਗਿਆ ਹੈ ਪਰ ਤਨਖ਼ਾਹ ’ਚ ਕੋਈ ਵਾਧਾ ਨਹੀ ਹੋਇਆ। ਉਨ੍ਹਾਂ ਕਿਹਾ ਕਿ ਮੰਗਾਂ ਪੂਰੀਆਂ ਨਾ ਹੋਣ ’ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸੇਵਾ ਕੇਂਦਰਾਂ ਦੇ ਕਾਮਿਆਂ ਨੇ ਬੀਮਾ ਕਰਨ ਦੀ ਵੀ ਮੰਗ ਕੀਤੀ। ਇੱਥੇ ਸੇਵਾ ਕੇਂਦਰ ’ਚ ਕੰਮ ਲਈ ਆਈਆਂ ਦੋ ਲੜਕੀਆਂ ਪੂਨਮ ਤੇ ਰਮਨਦੀਪ ਕੌਰ ਤੋਂ ਇਲਾਵਾ ਕਰਨੈਲ ਸਿੰਘ ਨੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਕਹਿਰ ਦੀ ਗਰਮੀ ’ਚ ਉਹ ਮੁਸ਼ਕਲ ਨਾਲ ਪਹੁੰਚੇ ਪਰ ਅੱਗੋਂ ਹੜਤਾਲ ਕਰਕੇ ਉਨ੍ਹਾਂ ਦਾ ਕੰਮ ਨਹੀਂ ਹੋਇਆ।
ਸੇਵਾ ਕੇਂਦਰਾਂ ਦਾ ਸਮਾਂ ਬਦਲਣ ਦੀ ਮੰਗ
ਇਸ ਦੇ ਨਾਲ ਹੀ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਮਹੀਨੇ ਦੇ ਆਖਰੀ ਦਿਨ ਸਰਕਾਰ ਉਨ੍ਹਾਂ ਨੂੰ ਛੁੱਟੀ ਦੇਵੇ। ਸੇਵਾ ਕੇਂਦਰ ਖੋਲ੍ਹਣ ਦਾ ਸਮਾਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕੀਤਾ ਜਾਵੇ। ਐਤਵਾਰ ਨੂੰ ਸੇਵਾ ਕੇਂਦਰ ਬੰਦ ਕੀਤੇ ਜਾਣ। ਸੇਵਾ ਕੇਂਦਰ ’ਚ ਕੰਮ ਕਰ ਰਹੇ ਮੁਲਾਜ਼ਮਾਂ ਦਾ ਬੀਮਾ ਕੀਤਾ ਜਾਵੇ। ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਆਪਣੇ ਆਪਣੇ ਜ਼ਿਲ੍ਹਾ ਇੰਚਾਰਜਾਂ ਨੂੰ ਦਿੱਤੇ। ਉਨ੍ਹਾਂ ਕਿਹਾ ਕਿ ਜੇ ਸਮਾਂ ਰਹਿੰਦੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਸੰਘਰਸ਼ ਤੇਜ਼ ਕਰਨਗੇ।