ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਅਗਸਤ
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਨੂੰ ਰਿਸਰਚ ਡਾਟ ਕਾਮ ਨੇ ਮਾਈਕ੍ਰੋਸਾਫਟ ਅਕਾਦਮਿਕ ਗ੍ਰਾਫ ਤੋਂ ਇਕੱਤਰ ਕੀਤੇ ਅੰਕੜਿਆਂ ਦੇ ਆਧਾਰ ’ਤੇ ਭਾਰਤ ਦੀ ਸਰਬੋਤਮ ਪਸ਼ੂ ਵਿਗਿਆਨ ਤੇ ਵੈਟਰਨਰੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਹੈ। ਆਲਮੀ ਪੱਧਰ ’ਤੇ ਵੈਟਰਨਰੀ ਯੂਨੀਵਰਸਿਟੀ ਨੂੰ 213ਵਾਂ ਸਥਾਨ ਪ੍ਰਾਪਤ ਹੋਇਆ ਹੈ। ਮਾਈਕ੍ਰੋਸਾਫ਼ਟ ਅਕਾਦਮਿਕ ਗ੍ਰਾਫ ਵਿਗਿਆਨਕ ਭਾਈਚਾਰੇ ਲਈ ਉਪਲਬਧ ਇਸ ਕਿਸਮ ਦਾ ਸਭ ਤੋਂ ਪ੍ਰਮੁੱਖ ਅਤੇ ਸਥਾਪਤ ਡਾਟਾ ਆਧਾਰ ਹੈ। ਇਸ ਡਾਟੇ ਵਿਚ ਵਿਗਿਆਨੀਆਂ ਦੇ ਖੋਜ ਪਰਚੇ ਅਤੇ ਹਵਾਲੇ ਸ਼ਾਮਲ ਹੁੰਦੇ ਹਨ। ਇਨ੍ਹਾਂ ਦੇ ਆਧਾਰ ’ਤੇ ਕਿਸੇ ਯੂਨੀਵਰਸਿਟੀ ਜਾਂ ਵਿਗਿਆਨੀ ਦੀ ਦਰਜਾਬੰਦੀ ਕੀਤੀ ਜਾਂਦੀ ਹੈ।
ਸਬੰਧਿਤ ਵੇਰਵਿਆਂ ਲਈ ਵਿਸ਼ਵ ਭਰ ਦੇ 1,66,880 ਖੋਜਾਰਥੀਆਂ ਦੇ ਕਾਰਜ ਦਾ ਵਿਸਥਾਰ ਵਿਚ ਮੁਲਾਂਕਣ ਕੀਤਾ ਗਿਆ ਜਦਕਿ ਪਸ਼ੂ ਵਿਗਿਆਨ ਅਤੇ ਵੈਟਰਨਰੀ ਅਨੁਸ਼ਾਸਨ ਦੇ ਖੇਤਰ ਵਿਚ 3419 ਖੋਜਾਰਥੀਆਂ ਦੇ ਵੇਰਵੇ ਜਾਂਚੇ ਗਏ। 525 ਤੋਂ ਵੱਧ ਸੰਸਥਾਵਾਂ ਅਤੇ ਵਿਗਿਆਨੀਆਂ ਦੇ ਹਵਾਲਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਇਸ ਪ੍ਰਾਪਤੀ ਲਈ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਦੇ ਨਾਲ ਨਾਲ ਕਿਸਾਨਾਂ ਨੂੰ ਵਧਾਈ ਦਿੱਤੀ।