ਗਗਨਦੀਪ ਅਰੋੜਾ
ਲੁਧਿਆਣਾ, 26 ਅਗਸਤ
ਗੁਰਦੇ ਦੀ ਗੰਭੀਰ ਬਿਮਾਰੀ ਤੋਂ ਪ੍ਰੇਸ਼ਾਨ ਚੱਲ ਰਹੇ ਮਸਾਲਾ ਕਾਰੋਬਾਰੀ ਹੈਬੋਵਾਲ ਵਾਸੀ ਸਤੀਸ਼ ਕੁਮਾਰ ਨੇ ਸ਼ੁੱਕਰਵਾਰ ਸਵੇਰੇ ਸਤਲੁਜ ਦਰਿਆ ’ਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।
ਸਤੀਸ਼ ਨੂੰ ਦਰਿਆ ’ਚ ਛਾਲ ਮਾਰਦਿਆਂ ਇੱਕ ਵਿਅਕਤੀ ਨੇ ਦੇਖ ਲਿਆ ਅਤੇ ਉਸ ਨੇ ਵੀ ਉਸ ਦੇ ਪਿੱਛੇ ਛਾਲ ਮਾਰ ਗਿਆ ਤਾਂ ਕਿ ਸਤੀਸ਼ ਨੂੰ ਬਚਾਇਆ ਜਾ ਸਕੇ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਸਤੀਸ਼ ਅੱਗੇ ਨਿਕਲ ਗਿਆ।
ਰਾਹਗੀਰ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਮਗਰੋਂ ਥਾਣਾ ਲਾਡੋਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਗੋਤਾਖੋਰਾਂ ਨੂੰ ਸੱਦਿਆ ਅਤੇ ਕਰੀਬ ਚਾਰ ਘੰਟੇ ਬਾਅਦ ਗੋਤਾਖੋਰਾਂ ਨੇ ਮਿਹਨਤ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।
ਜਾਣਕਾਰੀ ਅਨੁਸਾਰ ਸਤੀਸ਼ ਕੁਮਾਰ ਦਾ ਮਸਾਲੇ ਦਾ ਕੰਮ ਹੈ। ਚੰਗਾ ਵਪਾਰ ਤੇ ਇਲਾਕੇ ’ਚ ਚੰਗਾ ਨਾਮ ਸੀ। ਸ਼ੁੱਕਰਵਾਰ ਦੀ ਸਵੇਰੇ ਉਹ ਐਕਟਿਵਾ ’ਤੇ ਸਵਾਰ ਹੋ ਕੇ ਨਿਕਲਿਆ ਸੀ ਤੇ ਸਿੱਧਾ ਸਤਲੁਜ ਦਰਿਆ ’ਤੇ ਗਿਆ। ਅੱਖੀ ਦੇਖਣ ਵਾਲਿਆਂ ਅਨੁਸਾਰ ਸਤੀਸ਼ ਕੁਮਾਰ ਐਕਟਿਵਾ ’ਤੇ ਸਤਲੁਜ ਦਰਿਆ ਪੁੱਜਿਆ ਤੇ ਦਰਿਆ ਕੋਲ ਆਪਣੀ ਐਕਟਿਵਾ ਖੜੀ ਕਰ ਕੁਝ ਦੇਰ ਦਰਿਆ ਕੋਲ ਰੁਕਿਆ ਤੇ ਛਾਲ ਮਾਰ ਦਿੱਤੀ। ਇੱਕ ਵਿਅਕਤੀ ਤਾਂ ਸਤੀਸ਼ ਦੇ ਪਿੱਛੇ ਹੀ ਉਸ ਨੂੰ ਬਚਾਉਣ ਲਈ ਦਰਿਆ ’ਚ ਛਾਲ ਮਾਰੀ। ਇਸੇ ਦੌਰਾਨ ਕਿਸੇ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ।
ਪੁਲੀਸ ਵੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਸਤੀਸ਼ ਦੀ ਲੋਕੇਸ਼ਨ ਦਾ ਪਤਾ ਲਾਇਆ ਤੇ ਉਸ ਨੂੰ ਚਾਰ ਘੰਟੇ ਦੀ ਮਿਹਨਤ ਮਗਰੋਂ ਬਾਹਰ ਕੱਢ ਲਿਆ। ਸਤੀਸ਼ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਗੁਰਦਾ ਰੋਗ ਤੇ ਕਈ ਹੋਰ ਬੀਮਾਰੀਆਂ ਤੋਂ ਪੀੜਤ ਸੀ। ਉਹ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ ਅਤੇ ਸ਼ਾਇਦ ਇਸੇ ਲਈ ਖੁਦਕੁਸ਼ੀ ਕਰ ਗਿਆ।
ਹੱਦਬੰਦੀ ਕਾਰਨ ਉਲਝਦੀ ਰਹੀ ਪੁਲੀਸ
ਸਤਲੁਜ ਦਰਿਆ ਦਾ ਕੁਝ ਹਿੱਸਾ ਥਾਣਾ ਲਾਡੋਵਾਲ ਕੋਲ ਹੈ ਤੇ ਕੁਝ ਥਾਣਾ ਫਿਲੌਰ ਕੋਲ। ਸਤੀਸ਼ ਦੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲਦਿਆਂ ਹੀ ਦੋਵਾਂ ਥਾਣਿਆਂ ਦੀ ਪੁਲੀਸ ਮੌਕੇ ’ਤੇ ਪੁੱਜ ਗਈ ਅਤੇ ਇਲਾਕੇ ਨੂੰ ਲੈ ਕੇ ਉਲਝਦੀ ਰਹੀ। ਇਸ ਉਪਰੰਤ ਮਾਮਲੇ ਦੀ ਜਾਣਕਾਰੀ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਜਾ ਕੇ ਪਤਾ ਲੱਗਿਆ ਕਿ ਇਹ ਮਾਮਲਾ ਥਾਣਾ ਲਾਡੋਵਾਲ ਦਾ ਹੈ ਅਤੇ ਥਾਣਾ ਲਾਡੋਵਾਲ ਪੁਲੀਸ ਇਸ ਮਾਮਲੇ ਦੀ ਜਾਂਚ ਕਰੇਗੀ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਦਾਇਤ ’ਤੇ ਥਾਣਾ ਲਾਡੋਵਾਲ ਦੀ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।