ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਅਪਰੈਲ
ਵਾਲਮੀਕਿ ਸੇਵਕ ਸੰਘ (ਵੀਐੱਸਐੱਸ) ਵੱਲੋਂ ਅੱਜ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ ਮੇਅਰ ਹਾਊਸ ਦਾ ਘੇਰਾਓ ਕੀਤਾ ਗਿਆ। ਇਸ ਮੌਕੇ ਸੰਘ ਦੇ ਨੁਮਾਇੰਦਿਆਂ ਨੇ ਮੇਅਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਚੰਨੀ ਸਰਕਾਰ ਵੇਲੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਦੇ ਲਏ ਫ਼ੈਸਲੇ ਨੂੰ ਲਾਗੂ ਕਰਵਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਘਿਰਾਓ ਦੀ ਅਗਵਾਈ ਸੰਘ ਦੇ ਚੇਅਰਮੈਨ ਬਬਲੂ ਅਨਾਰਿਆ ਅਤੇ ਪ੍ਰਧਾਨ ਵਿੱਕੀ ਸਹੋਤਾ ਨੇ ਕੀਤੀ। ਸ੍ਰੀ ਬਬਲੂ ਨੇ ਦੱਸਿਆ ਕਿ ਚੰਨੀ ਸਰਕਾਰ ਨੇ ਨਗਰ ਨਿਗਮ ਦੇ ਸਫ਼ਾਈ ਸੇਵਕ, ਸੀਵਰਮੈਨ, ਮਾਲੀ, ਬੇਲਦਾਰ ਅਤੇ ਚਪੜਾਸੀ ਆਦਿ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਤੋਂ ਬਾਅਦ ਕਈ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੀ ਸੌਂਪ ਦਿੱਤੇ ਗਏ ਸਨ ਪਰ ਚੋਣ ਜ਼ਾਬਤੇ ਕਾਰਨ ਇਹ ਫੈਸਲਾ ਵਿਚਾਲੇ ਹੀ ਰਹਿ ਗਿਆ। ਇਸ ਨੋਟੀਫਿਕੇਸ਼ਨ ਨੂੰ ਦੁਬਾਰਾ ਲਾਗੂ ਕਰਵਾਉਣ ਲਈ ਅੱਜ ਸੰਘ ਵੱਲੋਂ ਮੇਅਰ ਹਾਊਸ ਦਾ ਘੇਰਾਓ ਕੀਤਾ ਗਿਆ ਹੈ। ਇਸ ਦੌਰਾਨ ਜਿੱਥੇ ਸੰਘ ਦੇ ਨੁਮਾਇੰਦਿਆਂ ਨੇ ਨਗਰ ਨਿਗਮ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਉੱਥੇ ਸੜਕ ’ਤੇ ਜਾਮ ਵੀ ਲਾਇਆ। ਕਰੀਬ ਤਿੰਨ ਘੰਟੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਇਨ੍ਹਾਂ ਨੁਮਾਇੰਦਿਆਂ ਵੱਲੋਂ ਮੇਅਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਦਵਿੰਦਰ ਗਿੱਲ, ਅਰੁਣ ਸਿੱਧੂ, ਕੇ ਐੱਸ ਚੌਹਾਨ, ਬਾਬੀ ਚੰਡਾਲੀਆ, ਪ੍ਰਿੰਸ ਪਬਮੇ, ਸਤੀਸ਼ ਸਭਰਵਾਲ, ਸਪਨਾ ਸਹੋਤਾ, ਬਬੀਤਾ ਗਿੱਲ, ਗਗਨਦੀਪ ਮਾਨ, ਪੂਜਾ ਗਿੱਲ, ਕਪਿਲ ਸਿੱਧੂ, ਨਿਰਾਜ ਦਾਖਾ, ਮਲਕੀਤ ਸਿੰਘ ਤੇ ਵਿਵੇਕ ਵਿੱਕੀ ਹਾਜ਼ਰ ਸਨ।