ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਜੁਲਾਈ
ਥਾਣਾ ਮਾਡਲ ਟਾਊਨ ਦੇ ਇਲਾਕੇ ਵਿੱਚ ਨੇਪਾਲੀ ਨੌਕਰ ਸਾਥੀਆਂ ਸਮੇਤ ਇਕ ਸਨਅਤਕਾਰ ਦੇ ਪਰਿਵਾਰ ਨੂੰ ਬੇਹੋਸ਼ ਕਰਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਿਆ। ਫੋਕਲ ਪੁਆਇੰਟ ਸਥਿਤ ਜੱਸਲ ਸਟੀਲ ਦਾ ਮਾਲਕ ਗੁਰਮੀਤ ਸਿੰਘ ਆਪਣੇ ਪਰਿਵਾਰ ਨਾਲ ਘੁੰਮਣ ਲਈ ਉੱਤਰਾਖੰਡ ਗਿਆ ਹੋਇਆ ਸੀ ਜਦਕਿ ਘਰ ਵਿੱਚ ਉਸ ਦੇ ਬਜ਼ੁਰਗ ਪਿਤਾ ਹਰੀ ਸਿੰਘ ਜੱਸਲ ਅਤੇ ਮਾਤਾ ਗੁਰਚਰਨ ਕੌਰ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਮੁਲਾਜ਼ਮ ਰਹਿ ਰਹੇ ਸਨ, ਜਿਨ੍ਹਾਂ ਵਿੱਚ ਨੇਪਾਲੀ ਨੌਕਰ ਅਨਿਲ ਕੁਮਾਰ ਅਤੇ ਉਸ ਦੀ ਪਤਨੀ ਸੁਸ਼ਮਿਤਾ ਵੀ ਸ਼ਾਮਲ ਸੀ। ਮਾਡਲ ਟਾਊਨ ਥਾਣੇ ਦੇ ਐੱਸਐੱਚਓ ਇੰਦਰਜੀਤ ਸਿੰਘ ਨੇ ਦੱਸਿਆ ਕਿ ਨੇਪਾਲੀ ਨੌਕਰ ਅਨਿਲ ਅਤੇ ਉਸ ਦੀ ਪਤਨੀ ਸੁਸ਼ਮਿਤਾ ਨੂੰ ਕੁਝ ਸਮਾਂ ਪਹਿਲਾਂ ਹੀ ਨੌਕਰੀ ‘ਤੇ ਰੱਖਿਆ ਗਿਆ ਸੀ ਅਤੇ ਉਹ ਕੋਠੀ ਵਿੱਚ ਹੀ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਉਸ ਨੇ ਆਪਣੇ ਤਿੰਨ ਹੋਰ ਸਾਥੀ ਘਰ ਬੁਲਾ ਲਏ ਅਤੇ ਸਨਅਤਕਾਰ ਦੇ ਬਜ਼ੁਰਗ ਪਿਤਾ ਹਰੀ ਸਿੰਘ, ਮਾਤਾ ਗੁਰਚਰਨ ਕੌਰ, ਚੌਕੀਦਾਰ ਸਵਰਨ ਰਾਮ, ਚੌਕੀਦਾਰ ਖੇਮਚੰਦ, ਨੌਕਰਾਣੀ ਰਵੀਲਾ ਅਤੇ ਸੁਮਨ ਨੂੰ ਰਾਤ ਦੇ ਖਾਣੇ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਖੁਆ ਦਿੱਤਾ, ਜਿਸ ਕਾਰਨ ਇਹ ਸਾਰੇ ਬੇਹੋਸ਼ ਹੋ ਗਏ। ਇਸ ਮਗਰੋਂ ਉਨ੍ਹਾਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ, ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਅਤੇ ਪੈਦਲ ਹੀ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਏਡੀਸੀਪੀ ਸਮੀਰ ਵਰਮਾ ਅਤੇ ਏਸੀਪੀ ਜਤਿੰਦਰ ਸਿੰਘ ਨੇ ਮੌਕੇ ‘ਤੇ ਪਹੁੰਚਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨੇਪਾਲੀ ਨੌਕਰ, ਉਸ ਦੀ ਪਤਨੀ ਸਮੇਤ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।