ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਜੁਲਾਈ
ਕੁਝ ਸਮੇਂ ਪਹਿਲਾਂ ਮੁਹਾਲੀ ਸਥਿਤ ਖੁਫ਼ੀਆ ਏਜੰਸੀ ਦੇ ਹੈੱਡਕੁਆਰਟਰ ’ਤੇ ਹੋਏ ਰਾਕੇਟ ਲਾਂਚਰ ਹਮਲੇ ਤੋਂ ਬਾਅਦ ਆਜ਼ਾਦੀ ਦਿਵਸ ’ਤੇ ਹਮਲੇ ਦੇ ਸ਼ੱਕ ਤੋਂ ਬਾਅਦ ਸਨਅਤੀ ਸ਼ਹਿਰ ਦੇ ਥਾਣਿਆਂ ਦੇ ਬਾਹਰ ਬੰਕਰ ਬਣਾ ਦਿੱਤੇ ਗਏ ਹਨ, ਨਾਲ ਹੀ ਥਾਣਿਆਂ ਦੇ ਉਪਰ ਨੈਟ ਲਗਾਈ ਜਾ ਰਹੀ ਹੈ। ਕੁਝ ਥਾਣਿਆਂ ’ਚ ਨੈੱਟ ਵੀ ਲਾ ਦਿੱਤੇ ਗਏ ਹਨ ਤੇ ਬੰਕਰ ਵੀ ਬਣ ਗਏ ਹਨ ਤੇ ਬਾਕੀ ਸਾਰੇ ਸ਼ਹਿਰ ਦੇ ਥਾਣਿਆਂ ਨੂੰ ਲਾਉਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਦੀਨਾਨਗਰ ’ਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਥਾਣਿਆਂ ਦੇ ਬਾਹਰ ਬੰਕਰ ਬਣਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ, ਜੋ ਕੁਝ ਸਮਾਂ ਪਹਿਲਾਂ ਹਟਾ ਦਿੱਤੇ ਗਏ ਸਨ, ਪਰ ਹੁਣ ਇੱਕ ਵਾਰ ਫਿਰ ਹਮਲੇ ਦੇ ਖਦਸ਼ੇ ਨੂੰ ਦੇਖਦਿਆਂ ਹੋਏ ਪੁਲੀਸ ਨੇ ਸੁਰੱਖਿਆ ਪ੍ਰਬੰਧ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਵਾਰ ਆਜ਼ਾਦੀ ਦਿਵਸ ਦਾ ਸੂਬਾ ਪੱਧਰੀ ਸਮਾਗਮ ਵੀ ਲੁਧਿਆਣਾ ’ਚ ਹੋ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਕੌਮੀ ਝੰਡਾ ਲਹਿਰਾਉਣਗੇ, ਜਿਸ ਕਾਰਨ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਵੀ ਉਥੇ ਮੌਜੂਦ ਹੋਣਗੇ। ਇਸ ਲਈ ਪੁਲੀਸ ਕੋਈ ਵੀ ਖ਼ਤਰਾ ਨਹੀਂ ਉਠਾਉਣਾ ਚਾਹੁੰਦੀ। ਸੂਤਰਾਂ ਮੁਤਾਬਕ ਇਸ ਵਾਰ ਖੁਫ਼ੀਆ ਏਜੰਸੀਆਂ ਕੋਲ ਸੂਹਾਂ ਹਨ ਕਿ ਦਹਿਸ਼ਤੀ ਸਰਗਰਮੀਆਂ ’ਚ ਸ਼ਾਮਲ ਕੁਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕੋਈ ਗਲਤ ਕਾਰਵਾਈ ਸਕਦੇ ਹਨ। ਇਸ ਵਾਰ ਜੋ ਇਨਪੁਟਸ ਮਿਲੇ ਹਨ, ਉਸ ਮੁਤਾਬਕ ਕੋਈ ਸਰਕਾਰੀ ਬਿਲਡਿੰਗ ਜਾਂ ਫਿਰ ਥਾਣਾ ਨਿਸ਼ਾਨੇ ’ਤੇ ਹੋ ਸਕਦਾ ਹੈ। ਇਸ ਲਈ ਪੁਲੀਸ ਕਿਸੇ ਤਰ੍ਹਾਂ ਦਾ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੀ।