ਸੰਤੋਖ ਗਿੱਲ
ਰਾਏਕੋਟ, 25 ਮਈ
ਹਲਕਾ ਫ਼ਤਿਹਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਰਾਏਕੋਟ ਵਿੱਚ ਟਰੇਡ ਯੂਨੀਅਨ ਆਗੂਆਂ ਵੱਲੋਂ ਇੰਡੀਆ ਗੱਠਜੋੜ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ। ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ ਤਹਿਸੀਲ ਰਾਏਕੋਟ ਦੇ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਕਰਵਾਏ ਅੰਦਰੂਨੀ ਸਰਵੇ ਅਨੁਸਾਰ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਦੀ ਜਿੱਤ ਦੇ ਆਸਾਰ ਨੂੰ ਦੇਖਦਿਆਂ ਸੀਟੂ ਵੱਲੋਂ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਹਰਾਉਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੱਬੀਆਂ ਧਿਰਾਂ ਕੌਮੀ ਪੱਧਰ ‘ਤੇ ਇੰਡੀਆ ਗੱਠਜੋੜ ਦਾ ਅਹਿਮ ਹਿੱਸਾ ਹਨ, ਜਿਸ ਦਾ ਮੁੱਖ ਮੰਤਵ ਫ਼ਿਰਕੂ ਭਾਜਪਾ ਅਤੇ ਐਨ.ਡੀ.ਏ ਗੱਠਜੋੜ ਨੂੰ ਲੋਕ ਸਭਾ ਚੋਣਾਂ ਵਿੱਚ ਹਰਾਉਣਾ ਅਤੇ ਭਾਰਤੀ ਸੰਵਿਧਾਨ, ਲੋਕਤੰਤਰ ਅਤੇ ਲੋਕਤੰਤਰੀ ਸੰਸਥਾਵਾਂ ਨੂੰ ਬਚਾਉਣਾ ਹੈ। ਇਹ ਮੀਟਿੰਗ ਸਾਥੀ ਗੁਰਦੀਪ ਸਿੰਘ ਬੁਰਜ ਹਕੀਮਾਂ ਦੀ ਪ੍ਰਧਾਨਗੀ ਹੇਠ ਹੋਈ।
ਤਹਿਸੀਲ ਰਾਏਕੋਟ ਦੇ ਸੀਟੂ ਆਗੂਆਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਮੋਦੀ ਦੀ ਅਗਵਾਈ ਵਾਲੇ ਗੱਠਜੋੜ ਨੂੰ ਹਰਾਉਣ ਲਈ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋ ਕਾਂਗਰਸੀ ਉਮੀਦਵਾਰ ਦੀ ਹਮਾਇਤ ਕੀਤੀ ਜਾਵੇਗੀ। ਸਾਥੀ ਗੋਰਾ ਨੇ ਦੱਸਿਆ ਕਿ ਰਾਏਕੋਟ ਵਿਧਾਨ ਸਭਾ ਹਲਕੇ ਦੇ ਸੁਧਾਰ ਅਤੇ ਪੱਖੋਵਾਲ ਬਲਾਕ ਦੇ ਇੰਚਾਰਜ ਪ੍ਰਕਾਸ਼ ਸਿੰਘ ਬਰ੍ਹਮੀ ਨੂੰ ਨਿਯੁਕਤ ਕੀਤਾ ਗਿਆ ਹੈ ਜਦਕਿ ਬਲਾਕ ਰਾਏਕੋਟ ਦੇ ਪਿੰਡਾਂ ਦੀ ਜ਼ਿੰਮੇਵਾਰੀ ਰਾਜਜਸਵੰਤ ਤਲਵੰਡੀ ਨੂੰ ਸੌਂਪੀ ਗਈ ਹੈ ਅਤੇ ਸਾਥੀ ਰੁਲਦਾ ਸਿੰਘ ਗੋਬਿੰਦਗੜ੍ਹ ਅਤੇ ਕਰਮਜੀਤ ਸੰਨੀ ਸਮੇਤ ਬਾਕੀ ਸਾਥੀ ਰਾਏਕੋਟ ਸ਼ਹਿਰ ਅਤੇ ਨਾਲ ਲਗਦੇ ਪਿੰਡਾਂ ਦੀ ਨਿਗਰਾਨੀ ਕਰਨਗੇ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸਮੁੱਚੇ ਤੌਰ ‘ਤੇ ਟੀਮਾਂ ਦੀ ਅਗਵਾਈ ਦਲਜੀਤ ਕੁਮਾਰ ਗੋਰਾ ਅਤੇ ਪ੍ਰਕਾਸ਼ ਸਿੰਘ ਬਰ੍ਹਮੀ ਕਰਨਗੇ।