ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 19 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਹਿਮਦਗੜ੍ਹ ਦੇ ਵੱਡੀ ਗਿਣਤੀ ’ਚ ਪਹੁੰਚੇ ਕਿਸਾਨਾਂ ਨੇ ਇਕੱਠੇ ਹੋ ਕੇ ਥਾਣਾ ਸਦਰ ਅਹਿਮਦਗੜ੍ਹ ਦੇ ਮੁੱਖ ਗੇਟ ’ਤੇ ਧਰਨਾ ਲਗਾ ਕੇ ਦੇਰ ਰਾਤ ਤੱਕ ਨਾਅਰੇਬਾਜ਼ੀ ਕੀਤੀ। ਇਸ ਸੰਬੰਧੀ ਕਿਸਾਨ ਆਗੂਆਂ ਬਲਾਕ ਪ੍ਰਧਾਨ ਸ਼ੇਰ ਸਿੰਘ ਮਹੋਲੀ, ਅਮਰਜੀਤ ਸਿੰਘ ਧਲੇਰ ਕਲਾਂ ਤੇ ਹੋਰਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਜਦੋਂ ਪਿੰਡ ਬੇਗੋਵਾਲ ਦਾ ਇਕ ਨੌਜਵਾਨ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਨਾਲ ਲੈ ਕੇ ਪਾਸਪੋਰਟ ਸਬੰਧੀ ਗਵਾਹੀ ਪਾਉਣ ਲਈ ਥਾਣਾ ਸਦਰ ਪਹੁੰਚਿਆ ਤਾਂ ਉੱਥੇ ਮੌਜੂਦ ਮੁੱਖ ਮੁਨਸ਼ੀ ਮਲਕੀਤ ਸਿੰਘ ਨੇ ਉਸ ਨੌਜਵਾਨ ਸਿੰਘ ਦੇ ਕੈਪਰੀ ਪਾਈ ਹੋਣ ਦੀ ਵਜ੍ਹਾ ਪੁੱਛੀ। ਇਸ ਗੱਲ ਤੋਂ ਤਕਰਾਰ ਹੋਣ ਤੋਂ ਬਾਅਦ ਮੁਨਸ਼ੀ ਨੇ ਨੌਜਵਾਨ ਨੂੰ ਥੱਪੜ ਮਾਰ ਦਿੱਤਾ, ਜਿਸ ਤੋਂ ਭੜਕੇ ਕਿਸਾਨਾਂ ਨੇ ਇਕੱਠੇ ਹੋ ਕੇ ਥਾਣਾ ਸਦਰ ਅਹਿਮਦਗੜ੍ਹ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨ ਮੁਨਸ਼ੀ ਦੀ ਮੁਅੱਤਲੀ ਜਾਂ ਮੁਆਫ਼ੀ ਦੀ ਮੰਗ ’ਤੇ ਅੜੇ ਹੋਏ ਸਨ। ਕਈ ਘੰਟੇ ਚੱਲੇ ਇਸ ਮਾਮਲੇ ਨੂੰ ਸੁਲਝਾਉਣ ਲਈ ਸਬ ਡਿਵੀਜ਼ਨ ਅਹਿਮਦਗੜ੍ਹ ਦੇ ਡੀਐੱਸਪੀ ਸੰਦੀਪ ਵਡੇਰਾ, ਪ੍ਰੈੱਸ ਕਲੱਬ ਕੁੱਪ ਕਲਾਂ ਅਤੇ ਕਿਸਾਨ ਆਗੂਆਂ ਵਿਚਕਾਰ ਚੱਲੀ ਲੰਬੀ ਗੱਲਬਾਤ ਤੋਂ ਬਾਅਦ ਡੀ.ਐੱਸ.ਪੀ. ਸੰਦੀਪ ਵਡੇਰਾ ਨੇ ਆਪ ਕਿਸਾਨਾਂ ਦੇ ਵਿਚ ਜਾ ਕੇ ਕਿਸਾਨਾਂ ਨੂੰ ਸਵੇਰ ਦੇ 10 ਵਜੇ ਤੱਕ ਇਸ ਮਾਮਲੇ ਦਾ ਹੱਲ ਕੱਢਣ ਲਈ ਮਨਾ ਲਿਆ ਅਤੇ ਧਰਨਾਕਾਰੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਅੱਜ ਸਵੇਰ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨ ਥਾਣਾ ਸਦਰ ਅਹਿਮਦਗੜ ਵਿੱਚ ਪਹੁੰਚੇ, ਜਿਥੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਮੁੱਖ ਮੁਨਸ਼ੀ ਨੇ ਆਪਣੀ ਗਲਤੀ ਮੰਨੀ, ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕੀਤਾ।
ਥਾਣੇ ’ਚ ਔਰਤਾਂ ਦੀ ਮੌਜੂਦਗੀ ਹੋਣ ’ਤੇ ਨੌਜਵਾਨ ਨੂੰ ਰੋਕਿਆ: ਡੀਐੱਸਪੀ
ਡੀਐੱਸਪੀ ਅਹਿਮਦਗੜ੍ਹ ਨੇ ਆਖਿਆ ਕਿ ਇਹ ਸਾਰਾ ਮਾਮਲਾ ਉਸ ਵੇਲੇ ਪੈਦਾ ਹੋਇਆ ਜਦੋਂ ਥਾਣੇ ਵਿੱਚ ਔਰਤਾਂ ਦੀ ਮੌਜੂਦਗੀ ਹੋਣ ਦੇ ਚਲਦਿਆਂ ਮੁਨਸ਼ੀ ਵੱਲੋਂ ਉਕਤ ਨੌਜਵਾਨ ਨੂੰ ਕੈਪਰੀ ਪਾਈ ਹੋਣ ’ਤੇ ਰੋਕਿਆ ਗਿਆ ਸੀ।
ਮੁਆਫ਼ੀ ਮੰਗਣ ’ਤੇ ਵੀ ਮੁਨਸ਼ੀ ਨੇ ਥੱਪੜ ਮਾਰੇ: ਪੀੜਤ ਨੌਜਵਾਨ
ਇਸ ਮੌਕੇ ਨੌਜਵਾਨ ਇੰਦਰਜੀਤ ਸਿੰਘ ਬੇਗੋਵਾਲ ਨੇ ਆਪਣਾ ਪੱਖ ਰੱਖਦਿਆਂ ਆਖਿਆ ਕਿ ਉਹ ਆਪਣੇ ਖੇਤ ਵਿੱਚੋਂ ਕੰਮ ਕਰਦਾ ਸਿੱਧਾ ਪੀਸੀਸੀ ਲਈ ਥਾਣੇ ਪਹੁੰਚਿਆ ਸੀ। ਕੈਪਰੀ ਪਾਉਣ ’ਤੇ ਉਹ ਮੁਨਸ਼ੀ ਤੋਂ ਮੁਆਫ਼ੀ ਵੀ ਮੰਗ ਚੁੱਕਾ ਸੀ ਪਰ ਮੁਆਫ਼ੀ ਦੇ ਬਾਵਜੂਦ ਮੁਨਸ਼ੀ ਵੱਲੋਂ ਉਸ ਦੇ ਥੱਪੜ ਮਾਰੇ ਗਏ।