ਪੱਤਰ ਪ੍ਰੇਰਕ
ਸਮਰਾਲਾ, 8 ਫਰਵਰੀ
ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਇਲਾਕੇ ਦੇ ਪਿੰਡਾਂ ਬਰਧਾਲਾਂ, ਸਲੌਦੀ, ਸੇਹ, ਕੋਟਲਾ ਭੜੀ, ਜਲਨਪੁਰ, ਮਾਨੂੰਪੁਰ, ਗੋਸਲਾਂ, ਚਕਮਾਫੀ, ਕਲਾਲਮਾਜਰਾ, ਰੂਪਾ, ਹਰਬੰਸਪੁਰਾ ਤੇ ਬਗਲੀ ਕਲਾਂ ਵਿਚ ਨੁਕੜ ਮੀਟਿੰਗਾਂ ਦਾ ਦੌਰ ਹੋਰ ਤੇਜ਼ ਕਰ ਦਿੱਤਾ ਹੈ। ਪਿੰਡ ਬਰਧਾਲਾ ਦੇ ਸਰਪੰਚ ਅਵਤਾਰ ਸਿੰਘ ਦੀ ਅਗਵਾਈ ਵਿਚ ਇਕੱਤਰ ਹੋਏ ਕਾਂਗਰਸੀ ਵਰਕਰਾਂ ਵਲੋਂ ਰਾਜਾ ਗਿੱਲ ਦਾ ਨਿੱਘਾ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਰਾਜਾ ਗਿੱਲ ਨੇ ਕਿਹਾ ਹਰੇਕ ਪਿੰਡ ਵਿਚ ਉਨ੍ਹਾਂ ਨੂੰ ਵਰਕਰਾਂ ਵਲੋਂ ਜੋ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ ਉਹ ਹਮੇਸ਼ਾ ਉਸਦੇ ਰਿਣੀ ਰਹਿਣਗੇ। ਉਨ੍ਹਾਂ ਵੋਟਰਾਂ ਨੂੰ ਭਰੋਸਾ ਦਿਵਾਇਆ ਕੇ ਉਹ ਚੋਣਾਂ ਜਿੱਤਣ ਤੋਂ ਬਾਅਦ ਸਾਰੇ ਇਲਾਕੇ ਦਾ ਰਿਕਾਰਡ ਤੋੜ ਵਿਕਾਸ ਕਰਵਾਉਣ ਨੂੰ ਤਰਜੀਹ ਦੇਣਗੇ ਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਇਕ ਸੇਵਾਦਾਰ ਵਜੋਂ ਆਪਣੀ ਡਿਊਟੀ ਨਿਭਾਉਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਮਲਕੀਤ ਸਿੰਘ ਦਾਖਾ, ਅਜਮੇਰ ਸਿੰਘ ਪੁਰਬਾ ਚੇਅਰਮੈਨ ਬਲਾਕ ਸਮਿਤੀ, ਜਤਿੰਦਰ ਸਿੰਘ ਜੋਗਾ ਮੈਂਬਰ ਜ਼ਿਲ੍ਹਾ ਪਰਿਸ਼ਦ, ਡਾ. ਗੁਰਮੁਖ ਸਿੰਘ ਚਾਹਲ ਓਐੱਸਡੀ, ਮਨਦੀਪ ਸਿੰਘ ਮੋਨੂੰ ਸਰਪੰਚ ਸਲੌਦੀ, ਪਰਮਿੰਦਰ ਸਿੰਘ ਗੋਲਡੀ ਆਦਿ ਹਾਜ਼ਰ ਸਨ।