ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 13 ਜੂਨ
ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਕਾਰਨ ਹਰ ਕੋਈ ਬੇਹਾਲ ਹੋਇਆ ਸੀ ਪਰ ਅੱਜ ਇੱਥੇ ਮੀਂਹ ਤੇ ਤੇਜ਼ ਹਵਾਵਾਂ ਨੇ ਜਿੱਥੇ ਗਰਮੀ ਤੋਂ ਕੁੱਝ ਰਾਹਤ ਦਿੱਤੀ ਉਥੇ ਕੁੱਝ ਕਿਸਾਨਾਂ ਲਈ ਇਹ ਮੀਂਹ ਆਫ਼ਤ ਵੀ ਬਣਿਆ ਕਿਉਂਕਿ ਮਾਛੀਵਾੜਾ ਮੰਡੀ ’ਚ ਵਿਕਣ ਆਈ ਮੱਕੀ ਦੀ ਫਸਲ ਨੁਕਸਾਨੀ ਗਈ। ਅੱਜ ਇੱਥੇ ਹਲਕੀ ਗੜ੍ਹੇਮਾਰੀ ਵੀ ਹੋਈ ਜਿਸ ਕਾਰਨ ਪਾਰਾ ਵੀ ਹੇਠਾਂ ਗਿਰਿਆ। ਸ਼ਹਿਰ ਦੇ ਕਈ ਰਾਹਾਂ ਵਿੱਚ ਪਾਣੀ ਭਰ ਗਿਆ। ਇੱਥੇ ਮੰਡੀ ’ਚ ਸੈਂਕੜੇ ਕੁਇੰਟਲ ਮੱਕੀ ਦੀ ਫਸਲ ਵਿਕਣ ਆਈ ਸੀ ਜਿਸ ਨੂੰ ਮਜ਼ਦੂਰਾਂ ਵੱਲੋਂ ਸੁਕਾਇਆ ਜਾ ਰਿਹਾ ਸੀ ਪਰ ਅਚਨਚੇਤ ਪਏ ਮੀਂਹ ਕਾਰਨ ਕੁੱਝ ਫਸਲ ਰੁੜ ਗਈ ਅਤੇ ਕਾਫ਼ੀ ਨੁਕਸਾਨੀ ਗਈ। ਮੀਂਹ ਏਨਾ ਤੇਜ਼ ਸੀ ਕਿ ਮਜ਼ਦੂਰਾਂ ਨੂੰ ਮੱਕੀ ਚੁੱਕਣ ਦਾ ਸਮਾਂ ਹੀ ਨਾ ਮਿਲਿਆ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਦਰੱਖਤ ਵੀ ਡਿੱਗੇ ਪਰ ਕੋਈ ਜਾਨੀ, ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ।