ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਦਸੰਬਰ
ਉਦਯੋਗ ਮੰਤਰੀ ਤੇ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੂੰ ਅਗਾਮੀ ਚੋਣਾਂ ’ਚ ਸਿਆਸੀ ਨੁਕਸਾਨ ਝੱਲਣਾ ਪੈ ਸਕਦਾ ਹੈ ਕਿਉਂਕਿ ਉਨ੍ਹਾਂ ਦੀ ਰਿਸ਼ਤੇਦਾਰ ਤੇ ਕਾਂਗਰਸ ਦੇ ਸਾਬਕਾ ਮੰਤਰੀ ਮਰਹੂਮ ਕਰਮ ਸਿੰਘ ਗਿੱਲ ਦੀ ਧੀ ਰਾਣੀ ਰਮਨੀਕ ਕੌਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਬਣੀ ਸਿਆਸੀ ਪਾਰਟੀ ਪੰਜਾਬ ਲੋਕ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਰਾਣੀ ਨੇ ਸੈਕਟਰ-9 ਚੰਡੀਗੜ੍ਹ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਨਵੇਂ ਦਫ਼ਤਰ ਉਦਘਾਟਨ ਮੌਕੇ ਹਾਜ਼ਰੀ ਲਵਾਈ। ਦੱਸਣਯੋਗ ਹੈ ਕਿ ਰਾਣੀ ਰਮਨੀਕ ਕੌਰ ਪਿਛਲੇ ਕੁਝ ਸਮੇਂ ਤੋਂ ਖੰਨਾ ਸਿਆਸਤ ਵਿਚ ਸਰਗਰਮ ਹਨ ਅਤੇ ਉਨ੍ਹਾਂ ਕਿਸੇ ਪਾਰਟੀ ਤੋਂ ਖੰਨਾ ਹਲਕੇ ਤੋਂ ਚੋਣ ਲੜਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਸੀ। ਉਨ੍ਹਾਂ ਚੋਣ ਤਿਆਰੀਆਂ ਸਬੰਧੀ ਕਾਂਗਰਸੀ ਵਰਕਰਾਂ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ। ਅੱਜ ਵੀ ਉਨ੍ਹਾਂ ਨਾਲ ਸ਼ਹਿਰ ਦੇ ਕੁਝ ਪੁਰਾਣੇ ਕਾਂਗਰਸੀਆਂ ਦੇ ਜਾਣ ਦੀ ਚਰਚਾ ਹੈ। ਰਾਣੀ ਨੇ ਕਿਹਾ ਕਿ ਉਹ ਪੰਜਾਬ ਦੇ ਲੋਕ ਕਾਂਗਰਸ ਨਾਲ ਜੁੜ ਕੇ ਮਾਣ ਮਹਿਸੂਸ ਕਰਦੇ ਹਨ। ਖੰਨਾ ਸ਼ਹਿਰ ਦੀ ਧੀ ਹੋਣ ਨਾਤੇ ਉਹ ਹਮੇਸ਼ਾ ਆਪਣੇ ਹਲਕੇ ਖੰਨਾ, ਪੰਜਾਬ, ਪੰਜਾਬੀਅਤ ਅਤੇ ਸਮਾਜ ਲਈ ਸੇਵਾ ਨਿਭਾਉਣ ’ਚ ਜੀਅ ਜਾਨ ਲਗਾਉਂਦੇ ਹੋਏ ਆਪਣੇ ਪਿਤਾ ਦੀ ਸੋਚ ’ਤੇ ਪਹਿਰਾ ਦੇਣਗੇ।