ਪੱਤਰ ਪ੍ਰੇਰਕ
ਜਗਰਾਉਂ, 2 ਨਵੰਬਰ
ਇੱਥੋਂ ਨੇੜਲੇ ਪਿੰਡ ਗਾਲਬਿ ਰਣ ਸਿੰਘ ਦੀ ਇੱਕ ਲੜਕੀ ਨੂੰ ਕੁੱਝ ਲੁਟੇਰਿਆਂ ਨੇ ਰਸਤੇ ਵਿਚ ਘੇਰ ਕੇ ਸਕੂਟਰ ਸਣੇ ਉਸ ਦਾ ਪਰਸ ਖੋਹ ਲਏ। ਇਸ ਸਬੰਧੀ ਪੀੜਤ ਹਰਜਿੰਦਰ ਕੌਰ ਨੇ ਦੱਸਿਆ ਕਿ ਉਹ ਕੱਲ੍ਹ ਦੇਰ ਸ਼ਾਮ ਜਗਰਾਉਂ ਸ਼ਹਿਰ ਤੋਂ ਆਪਣੇ ਕੰਮ ਨਿਪਟਾ ਕੇ ਪਿੰਡ ਨੂੰ ਜਾ ਰਹੀ ਸੀ। ਉਸ ਨੇ ਜਦੋਂ ਲੁਧਿਆਣਾ-ਫ਼ਿਰੋਜ਼ਪੁਰ ਮਾਰਗ ਤੋਂ ਪਿੰਡ ਜਾਣ ਵਾਲੀ ਲਿੰਕ ਸੜਕ ਵੱਲ ਨੂੰ ਸਕੂਟਰ ਮੋੜਿਆ ਤਾਂ ਉੱਥੇ ਖੜ੍ਹੇ ਦੋ ਲੜਕਿਆਂ ਨੇ ਉਸ ਨੂੰ ਰੋਕ ਲਿਆ। ਉਨ੍ਹਾਂ ਨੇ ਹਰਜਿੰਦਰ ਕੌਰ ਨਾਲ ਧੱਕਾ-ਮੁੱਕੀ ਕਰਦਿਆਂ ਸਕੂਟਰ, ਮੋਬਾਈਲ ਫੋਨ ਤੇ ਪਰਸ ਖੋਹ ਲਿਆ। ਇਸ ਮਗਰੋਂ ਉਹ ਸਕੂਟਰ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਹਰਜਿੰਦਰ ਕੌਰ ਨੇ ਦੱਸਿਆ ਕਿ ਪਰਸ ਅਤੇ ਸਕੂਟਰ ’ਚ ਉਸ ਦੇ ਜ਼ਰੂਰੀ ਕਾਗਜ਼ ਵੀ ਮੌਜੂਦ ਸਨ। ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਨ ਉਪਰੰਤ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।