ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਦਸੰਬਰ
ਆਪਣੀਆਂ ਮੰਗਾਂ ਸਬੰਧੀ ਸਿਵਲ ਹਸਪਤਾਲ ਦੀਆਂ ਨਰਸਾਂ ਕਈ ਦਿਨਾਂ ਤੋਂ ਹੜਤਾਲ ’ਤੇ ਹਨ, ਜਿਸ ਤੋਂ ਬਾਅਦ ਹੜਤਾਲ ਦੇ ਮਾੜੇ ਪ੍ਰਭਾਵ ਵੀ ਸ਼ੁਰੂ ਹੋ ਗਏ ਹਨ। ਹਸਪਤਾਲ ਵਿੱਚ ਨਰਸਾਂ ਦੀ ਹੜਤਾਲ ਕਾਰਨ ਡਾਇਲਸਿਸ ਯੂਨਿਟ ਬੰਦ ਹੋ ਗਿਆ ਹੈ, ਜਿਸ ਕਾਰਨ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸਭ ਤੋਂ ਵੱਧ ਪ੍ਰੇਸ਼ਾਨੀ ਕਰੋਨਾ ਰੋਕੂ ਵੈਕਸੀਨ ਲਗਾਉਣ ਵਾਲੇ ਲੋਕਾਂ ਨੂੰ ਹੋ ਰਹੀ ਹੈ।
ਸਿਵਲ ਹਸਪਤਾਲ ਵਿੱਚ ਰੋਜ਼ਾਨਾਂ 5 ਤੋਂ 6 ਮਰੀਜ਼ਾਂ ਦਾ ਡਾਇਲਸਿਸ ਹੁੰਦਾ ਸੀ, ਜਿਨ੍ਹਾਂ ਦਾ ਹੁਣ ਡਾਇਲਸਿਸ ਨਾ ਹੋਣ ਕਾਰਨ ਉਹ ਕਾਫ਼ੀ ਪ੍ਰੇਸ਼ਾਨੀ ਹੋ ਰਹੇ ਹਨ। ਬੁੱਧਵਾਰ ਨੂੰ ਆਏ ਬੰਟੀ ਨੇ ਦੱਸਿਆ ਕਿ ਉਸਦੇ ਪਿਤਾ ਦਾ ਡਾਇਲਸਿਸ ਹੁੰਦਾ ਹੈ, ਸਿਵਲ ਹਸਪਤਾਲ ਵਿੱਚ ਬਿਨਾਂ ਪੈਸੇ ਤੋਂ ਹੀ ਡਾਇਲਸਿਸ ਹੁੰਦੇ ਹਨ ਪਰ ਹੁਣ ਡਾਇਲਸਿਸ ਨਹੀਂ ਹੋ ਰਹੀ, ਜਿਸ ਕਰਕੇ ਉਹ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪਿਤਾ ਦਾ 2 ਵਾਰ ਡਾਇਲਸਿਸ ਕਰਵਾ ਰਹੇ ਹਨ, ਪ੍ਰਾਈਵੇਟ ਹਸਪਤਾਲ ਵਿੱਚ 3000 ਤੋਂ 4000 ਰੁਪਏ ਹਰ ਡਾਇਲਸਿਸ ਦਾ ਲਿਆ ਜਾ ਰਿਹਾ। ਹਰ ਮਹੀਨੇ ਹਸਪਤਾਲ ਵਿੱਚ 150 ਤੋਂ ਵੱਧ ਮਰੀਜ਼ਾਂ ਦੇ ਡਾਇਲਸਿਸ ਹੁੰਦੇ ਹਨ।
ਜ਼ਿਲ੍ਹੇ ’ਚ ਕਰੋਨਾ ਦੀ 1 ਲੱਖ ਡੋਜ਼ ਪੁੱਜੀ ਹੈ। ਇਨ੍ਹਾਂ ’ਚ 72000 ਡੋਜ਼ ਕੋਵਾਸ਼ੀਲਡ ਤੇ 30 ਹਜ਼ਾਰ ਤੋਂ ਜ਼ਿਆਦਾ ਕੋਵੈਕਸੀਨ ਦੀ ਡੋਜ਼ ਹੈ ਪਰ ਸਟਾਫ਼ ਦੇ ਹੜਤਾਲ ’ਤੇ ਚਲੇ ਜਾਣ ਕਾਰਨ ਅੱਜ ਵੀ ਸਿਰਫ਼ 15 ਹੀ ਸੈਂਟਰਾਂ ’ਤੇ ਵੈਕਸੀਨ ਕੈਂਪ ਲਾਏ ਗਏ। ਅੱਜ ਤੋਂ ਏਐੱਨਐੱਮ ਤੇ ਦਫ਼ਤਰੀ ਸਟਾਫ਼ ਵੱਲੋਂ ਦੋ ਦਿਨਾਂ ਦੀ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ। ਅਜਿਹੇ ’ਚ 2 ਦਿਨ ਪੂਰੀ ਤਰ੍ਹਾਂ ਟੀਕਾਕਰਨ ਪ੍ਰਭਾਵਿਤ ਹੋਵੇਗਾ। ਸਿਹਤ ਮੁਲਾਜ਼ਮਾਂ ਦੀ ਹੜਤਾਲ ਸਮੱਸਿਆ ਨੂੰ ਵਧਾ ਰਹੀ ਹੈ। ਕੌਮੀ ਸਿਹਤ ਮਿਸ਼ਨ, ਸਟਾਫ਼ ਨਰਸਾਂ ਤੇ ਮਲਟੀਪਰਪਜ਼ ਸਟਾਫ਼ ਹੜਤਾਲ ’ਤੇ ਹੈ। ਅਜਿਹੇ ’ਚ ਸਿਹਤ ਸਹੂਲਤਾਂ ਪ੍ਰਭਾਵਿਤ ਹੋ ਰਹੀਆਂ ਹਨ। ਬੁੱਧਵਾਰ ਨੂੰ ਵੀ ਜ਼ਿਲ੍ਹੇ ’ਚ 3445 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਡੀਸੀ ਵੱਲੋਂ ਸਿਹਤ ਵਿਭਾਗ ਨੂੰ ਚੋਣ ਡਿਊਟੀ ਦੀ ਸਿਖਲਾਈ ’ਚ ਕੈਂਪ ਲਾਉਣ ਦੇ ਹੁਕਮ ਦਿੱਤੇ ਗਏ ਹਨ ਪਰ ਇਸ ਸਥਿਤੀ ਦੇ ਚੱਲਦੇ ਕਾਫ਼ੀ ਪ੍ਰੇਸ਼ਾਨੀ ਹੋਵੇਗੀ।